ਸੁਖਦੇਵ ਸਿੰਘ
ਅਜਨਾਲਾ, 11 ਅਗਸਤ
ਟੋਕੀਓ ਓਲੰਪਿਕ ਤੋਂ ਪਰਤੀ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਸ਼ਾਮਲ ਪੰਜਾਬ ਦੀ ਇੱਕਲੌਤੀ ਖਿਡਾਰਨ ਗੁਰਜੀਤ ਕੌਰ ਦਾ ਅੱਜ ਜੱਦੀ ਪਿੰਡ ਮਿਆਦੀਆਂ ਪੁੱਜਣ ’ਤੇ ਸ਼ਾਨਦਾਰ ਸੁਆਗਤ ਕੀਤਾ ਗਿਆ।
ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਮਾਤਾ-ਪਿਤਾ ਕੋਲੋਂ ਆਸ਼ੀਰਵਾਦ ਲੈਣ ਮਗਰੋਂ ਗੁਰਜੀਤ ਨੇ ਕਾਫ਼ਲੇ ਦੇ ਰੂਪ ਵਿੱਚ ਰਾਜਾਸਾਂਸੀ, ਕੁੱਕੜਾਂਵਾਲਾ, ਮਹਿਲਬੁਖਾਰੀ ਸਮੇਤ ਹੋਰ ਥਾਵਾਂ ਦਾ ਦੌਰਾ ਕੀਤਾ।
ਅਜਨਾਲਾ ਪਹੁੰਚਣ ’ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਬਾਹਰ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ ਸਮੇਤ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਸੇਵੀ ਜਥੇਬੰਦੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਜੀਤ ਕੌਰ ਨੇ ਕਿਹਾ ਕਿ ਦੇਸ਼ ਲਈ ਖੇਡਣਾ ਉਸ ਲਈ ਮਾਣ ਵਾਲੀ ਗੱਲ ਹੈ। ਉਹ ਆਉਣ ਵਾਲੇ ਸਮੇਂ ’ਚ ਦੇਸ਼ ਦਾ ਨਾਂ ਹੋਰ ਰੌਸ਼ਨ ਕਰੇਗੀ। ਉਸ ਨੇ ਨੌਜਵਾਨ ਪੀੜ੍ਹੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਖ਼ਤ ਮਿਹਨਤ ਕਰ ਕੇ ਹਰ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਸ ਨੇ ਜੂਨੀਅਰ ਖਿਡਾਰੀਆਂ ਨੂੰ ਉੱਚੀਆਂ ਮੰਜ਼ਿਲਾਂ ਸਰ ਕਰਨ ਲਈ ਪ੍ਰੇਰਿਆ। ਪਿੰਡ ਮਿਆਦੀਆਂ ਪਹੁੰਚਣ ’ਤੇ ਗੁਰਜੀਤ ਨੇ ਸਥਾਨਕ ਗੁਰਦੁਆਰੇ ਵਿੱਚ ਮੱਥਾ ਟੇਕਿਆ ਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਸਨਮਾਨ ਕੀਤਾ ਗਿਆ।