ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੂਨ
ਓਲੰਪਿਕ ਖੇਡਾਂ ਵਿੱਚ ਪੰਜਾਬ ਨੂੰ 21 ਸਾਲਾਂ ਪਿੱਛੋਂ ਹਾਕੀ ਦੀ ਕਪਤਾਨੀ ਮਿਲੀ ਹੈ। ਐਤਕੀਂ ਟੋਕੀਓ ਓਲਪਿੰਕ ਵਿੱਚ ਪੰਜਾਬ ਦਾ ਨੌਜਵਾਨ ਮਨਪ੍ਰੀਤ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰੇਗਾ। ਇਸੇ ਤਰ੍ਹਾਂ ਬੀਰੇਂਦਰ ਲਾਕੜਾ ਅਤੇ ਹਰਮਨਪ੍ਰੀਤ ਸਿੰਘ ਨੂੰ ਟੀਮ ਦਾ ਉਪ-ਕਪਤਾਨ ਐਲਾਨਿਆ ਗਿਆ ਹੈ। ਮਨਪ੍ਰੀਤ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਦਿਲਚਸਪ ਗੱਲ ਇਹ ਹੈ ਕਿ ਮਿੱਠਾਪੁਰ ਪੰਜਾਬ ਦਾ ਪਹਿਲਾ ਅਜਿਹਾ ਪਿੰਡ ਹੈ, ਜਿਸ ਨੂੰ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਟੀਮ ਦੀ ਕਪਤਾਨੀ ਕਰਨ ਦਾ ਮੌਕਾ ਮਿਲਿਆ ਹੈ। ਮਨਪ੍ਰੀਤ ਤੋਂ ਪਹਿਲਾਂ ਪਰਗਟ ਸਿੰਘ (ਵਿਧਾਇਕ) ਬਾਰਸੀਲੋਨਾ-1992 ਅਤੇ ਐਟਲਾਂਟਾ-1996 ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਉਂਝ ਮਨਪ੍ਰੀਤ ਸਿੰਘ ਪੰਜਾਬ ਦਾ ਅੱਠਵਾਂ ਖਿਡਾਰੀ ਹੈ, ਜਿਹੜਾ ਓਲਪਿੰਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਬਲਬੀਰ ਸਿੰਘ ਸੀਨੀਅਰ, ਚਰਨਜੀਤ ਸਿੰਘ, ਪ੍ਰਿਥੀਪਾਲ ਸਿੰਘ, ਹਰਮੀਕ ਸਿੰਘ, ਅਜੀਤਪਾਲ ਸਿੰਘ, ਪਰਗਟ ਸਿੰਘ ਤੇ ਰਮਨਦੀਪ ਸਿੰਘ ਗਰੇਵਾਲ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ।
ਡਿਸਕਸ ਥਰੋਅ: ਕਮਲਪ੍ਰੀਤ ਦੀ ਓਲੰਪਿਕ ਲਈ ਚੋਣ
ਮਲੋਟ (ਲਖਵਿੰਦਰ ਸਿੰਘ): ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਨੇ ਪਟਿਆਲਾ ਵਿੱਚ ਹੋਏ ਡਿਸਕਸ ਥਰੋਅ ਮੁਕਾਬਲੇ ਦੌਰਾਨ 66.59 ਮੀਟਰ ਨਾਲ ਓਲੰਪਿਕ ਵਿੱਚ ਜਗ੍ਹਾ ਬਣਾ ਲਈ ਹੈ। ਉਸ ਨੇ ਆਪਣਾ ਹੀ ਨੌਂ ਸਾਲ ਪੁਰਾਣਾ 65.06 ਮੀਟਰ ਦਾ ਰਿਕਾਰਡ ਤੋੜਿਆ। ਕਮਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਟਿਆਂਵਾਲੀ ਸਕੂਲ ਵਿੱਚ 10ਵੀਂ ’ਚ ਪੜ੍ਹਦਿਆਂ ਕਮਲਪ੍ਰੀਤ ਨੇ ਡਿਸਕਸ ਥ੍ਰੋਅ ਦੀ ਸ਼ੁਰੂਆਤ ਕੀਤੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਲਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਿਦੱਤੀ ਹੈ।