ਇਕਬਾਲ ਸਿੰਘ ਸ਼ਾਂਤ
ਲੰਬੀ, 2 ਅਗਸਤ
ਪਿੰਡੋਂ ਬਾਹਰਵਾਰ ਖੇਤਾਂ ਵਿੱਚ ਢਾਣੀ ’ਤੇ ਵਸਦੇ ਠੇਠ ਪੇਂਡੂ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਕਮਲਪ੍ਰੀਤ ਕੌਰ ਬੱਲ ਨੇ ਟੋਕੀਓ ਓਲੰਪਿਕ ’ਚ ਤਗ਼ਮੇ ਤੋਂ ਖੁੰਝਣ ਦੇ ਬਾਵਜੂਦ ਖ਼ੁਦ ਸਾਬਤ ਕਰ ਦਿੱਤਾ। ਉਸ ਦੇ ਖੇਡ ਪ੍ਰਦਰਸ਼ਨ ਦੌਰਾਨ ਘਰ ਵਿੱਚ ਰਿਸ਼ਤੇਦਾਰਾਂ ਅਤੇ ਮੀਡੀਆ ਕਰਮੀਆਂ ਦੀ ਭੀੜ ਲੱਗੀ ਰਹੀ। ਕਮਲਪ੍ਰੀਤ ਡਿਸਕਸ ਥਰੋਅ ਦੇ ਫਾਈਨਲ ਵਿੱਚ ਛੇੇਵੇਂ ਨੰਬਰ (ਸਕੋਰ 63.70) ’ਤੇ ਰਹਿ ਕੇ ਵੀ 57 ਸਾਲਾਂ ਬਾਅਦ ਭਾਰਤ ਲਈ ਇਤਿਹਾਸ ਰਚ ਗਈ। ਪਰਿਵਾਰਕ ਮੈਂਬਰ ਟੋਕੀਓ ਵਿੱਚ ਮੌਸਮ ਦੀ ਖ਼ਰਾਬੀ ਨੂੰ ਕਮਲਪ੍ਰੀਤ ਕੌਰ ਦੀ ਜਿੱਤ ’ਚ ਅੜਿੱਕਾ ਦੱਸ ਰਹੇ ਹਨ। ਓਲੰਪਿਕ ’ਚ ਛੇਵਾਂ ਸਥਾਨ ਆਉਣ ’ਤੇ ਪਰਿਵਾਰ ਅਤੇ ਮੀਡੀਆ ਕਰਮੀਆਂ ’ਚ ਜਿੱਤ ਤੋਂ ਖੁੰਝਣ ਰੰਜ ਤਾਂ ਸੀ ਪਰ ਕਮਲਪ੍ਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਕਿਹਾ ਕਿ ਓਲੰਪਿਕ ’ਚ ਪੁੱਜਣਾ ਹੀ ਬਹੁਤ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਕਮਲਪ੍ਰੀਤ ਦੀ ਪਹਿਲੀ ਕੋਸ਼ਿਸ਼ ਸੀ, ਅਜੇ ਤਾਂ ਉਸ ਨੇ ਬਹੁਤ ਮਾਅਰਕੇ ਮਾਰਨੇ ਹਨ। ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਰਾਣਾ ਸੋਢੀ, ਡਾਇਰੈਕਟਰ ਸਪੋਰਟਸ ਜੀਪੀਐੱਸ ਖਰਬੰਦਾ ਅਤੇ ਸਹਾਇਕ ਡਾਇਰੈਕਟਰ ਕਰਤਾਰ ਸਿੰਘ ਪਰਿਵਾਰ ਨਾਲ ਵੀਡੀਓ ਕਾਨਫਰੰਸਿੰਗ ’ਤੇ ਲਗਾਤਾਰ ਜੁੜੇ ਰਹੇ, ਜਦੋਂਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਖੇਡ ਅਫ਼ਸਰ ਅਨਿੰਦਰ ਕੌਰ ਬਰਾੜ ਵੀ ਉਚੇਚੇ ਤੌਰ ’ਤੇ ਮੌਜੂਦ ਸਨ।
ਕਮਲਪ੍ਰੀਤ ਕੌਰ ਦੀ ਕਾਮਯਾਬੀ ਲਈ ਉਸ ਦੀ ਮਾਂ ਹਰਜਿੰਦਰ ਕੌਰ, ਦਾਦੀ ਗੁਰਬਿੰਦਰ ਕੌਰ, ਚਚੇਰੀ ਭੈਣ ਨਵਦੀਪ ਕੌਰ, ਭੂਆ ਦੀ ਧੀ ਹਰਜੋਤ ਰੱਤਾਖੇੜਾ ਤੇ ਚਾਚੀਆਂ-ਤਾਈਆਂ ਅਰਦਾਸਾਂ ਕਰਦੀਆਂ ਰਹੀਆਂ। ਮਾਤਾ ਹਰਜਿੰਦਰ ਕੌਰ ਨੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਉਸ ਦੀ ਪੁੱਤਰੀ ਵੱਲੋਂ ਹੁਣ ਤੱਕ ਜਿੱਤੇ ਕਰੀਬ 37 ਤਗ਼ਮਿਆਂ ਨੂੰ ਕੋਲ ਰੱਖ ਕੇ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ। ਤੀਜੀ ਕੋਸ਼ਿਸ਼ ’ਚ ਪਹਿਲਾ ਫਾਊਲ ਆਉਣ ਮਗਰੋਂ ਕਮਲਪ੍ਰੀਤ ਕੌਰ ਦਾ ਛੇਵਾਂ ਸਥਾਨ ਆਉਣ ਮਗਰੋਂ ਦਾਦਾ ਗੁਰਬਖਸ਼ ਸਿੰਘ ਲਾਬੀ ਵਿੱਚੋਂ ਉੱਠ ਕੇ ਅੰਦਰ ਕਮਰੇ ਵਿੱਚ ਚਲੇ ਗਏ ਅਤੇ ਬੈੱਡ ’ਤੇ ਪੋਤਰੀ ਲਈ ਅਰਦਾਸ ਕਰਨ ਲੱਗੇ, ਜੋ ਕਿ ਕਮਲਪ੍ਰੀਤ ਦੇ ਸਮੁੱਚੇ ਖੇਡ ਪ੍ਰਦਰਸ਼ਨ ਦੌਰਾਨ ਬਾਹਰ ਨਹੀਂ ਆਏ।
ਮਿਲਖਾ ਸਿੰਘ ਅਤੇ ਰੰਧਾਵਾ ਦੀ ਕਤਾਰ ’ਚ ਖੜੀ ਹੋਈ ਕਮਲਪ੍ਰੀਤ
ਕਬਰਵਾਲਾ ਤੋਂ ਤਿੰਨ ਕਿਲੋਮੀਟਰ ਦੂਰ ਬਠਿੰਡਾ-ਗੰਗਾਨਗਰ ਰੇਲਵੇ ਲਾਈਨ ਦੇ ਸਾਹਮਣੇ ਦੂਰ ਅਣਗੌਲੇ ਜਿਹੇ ਲਿੰਕ ਰਾਹ ’ਤੇ ਪੈਂਦੇ ਇੱਕ ਸਧਾਰਨ ਕੋਠੀਨੁਮਾ ਮਕਾਨ ਦੀ ਧੀ ਅੱਜ ਮਿਲਖਾ ਸਿੰਘ ਅਤੇ ਗੁਰਬਚਨ ਸਿੰਘ ਰੰਧਾਵਾ ਜਿਹੇ ਖਿਡਾਰੀਆਂ ਦੀ ਕਤਾਰ ’ਚ ਖੜ੍ਹੀ ਹੋ ਗਈ। ਹੁਣ ਤੱਕ ਮਿਲਖਾ ਸਿੰਘ (1960 ਰੋਮ) ਤੇ ਗੁਰਬਚਨ ਸਿੰਘ ਰੰਧਾਵਾ (1964 ਟੋਕੀਓ) ਓਲੰਪਿਕ ਵਿੱਚ ਪੁੱਜੇ ਸਨ। ਕਮਲਪ੍ਰੀਤ ਕੌਰ 57 ਸਾਲਾਂ ਬਾਅਦ ਓਲੰਪਿਕ ਦੇ ਫਾਈਨਲ ਵਿੱਚ ਪੁੱਜਣ ਵਾਲੀ ਪੰਜਾਬ ਦੀ ਤੀਜੀ ਅਥਲੀਟ ਬਣੀ। ਹਾਲਾਂਕਿ ਇਸ ਵਿਚਕਾਰ ਮਨਜੀਤ ਕੌਰ ਤੇ ਰਾਜਵਿੰਦਰ ਕੌਰ ਗਿੱਲ ਨੇ ਮਹਿਲਾ ਰਿਲੇਅ ਈਵੈਂਟ ’ਚ 2004 ਏਥਨਜ਼ ਵਿੱਚ ਜਗ੍ਹਾ ਬਣਾਈ ਸੀ।
ਕਮਲਪ੍ਰੀਤ ਦੇ ਪ੍ਰਦਰਸ਼ਨ ਤੋਂ ਸੌ ਫ਼ੀਸਦੀ ਸੁਤੰਸ਼ਟ ਹਾਂ: ਕੋਚ
ਕਮਲਪ੍ਰੀਤ ਕੌਰ ਦੀ ਡਿਸਕਸ ਥਰੋਅ ਕੋਚ ਰਾਖੀ ਤਿਆਗੀ ਨੇ ਉਸ ਦੀ ਖੇਡ ਪ੍ਰਦਰਸ਼ਨ ’ਤੇ ਸੌ ਫ਼ੀਸਦੀ ਸੰਤੁਸ਼ਟੀ ਜਾਹਰ ਕਰਦਿਆਂ ਕਿਹਾ ਕਿ ਕਮਲਪ੍ਰੀਤ ਨੇ ਬਹੁਤ ਛੋਟੀ ਉਮਰ ’ਚ ਵੱਡਾ ਮੁਕਾਮ ਹਾਸਲ ਕੀਤਾ ਹੈ। ਉਸ ਦਾ ਪਹਿਲਾ ਓਲੰਪਿਕ ਸੀ, ਕਮਲ ਦੇ ਮੂਹਰੇ ਜਿੱਤਣ ਲਈ ਪੂਰੀ ਦੁਨੀਆ ਪਈ ਹੈ।
ਬਾਦਲ ਵੱਲੋਂ ਪਰਿਵਾਰ ਨਾਲ ਗੱਲਬਾਤ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਕਮਲਪ੍ਰੀਤ ਕੌਰ ਦਾ ਪੂਰਾ ਮੈਚ ਵੇਖਿਆ। ਉਸ ਦੇ ਖੇਡ ਪ੍ਰਦਰਸ਼ਨ ਨੂੰ ਸ਼ਾਬਾਸ ਅਤੇ ਭਵਿੱਖ ਲਈ ਤਰੱਕੀ ਦਾ ਸੂਚਕ ਦੱਸਦਿਆਂ ਉਸ ਦੇ ਪਿਤਾ ਕੁਲਦੀਪ ਸਿੰਘ ਨਾਲ ਫੋਨ’ ਤੇ ਗੱਲ ਕੀਤੀ। ਸ੍ਰੀ ਬਾਦਲ ਨੇ ਹੌਂਸਲਾ ਦਿੰਦਿਆਂ ਕਮਲਪ੍ਰੀਤ ਕੌਰ ਦੀ ਮਿਹਨਤ ਅਤੇ ਲਗਨ ਨੂੰ ਅਗਾਂਹ ਲਗਾਤਾਰ ਬਣਾਏ ਰੱਖਣ ਲਈ ਪ੍ਰੇਰਿਆ।