ਅਜੇ ਮਲਹੋਤਰਾ
ਬਸੀ ਪਠਾਣਾਂ/ਫਤਿਹਗੜ੍ਹ ਸਾਹਿਬ, 11 ਮਈ
ਭਾਰਤੀ ਹਾਕੀ ਦੇ ਸਾਬਕਾ ਕਪਤਾਨ ਅਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਮੌਜੂਦਾ ਐੱਸਪੀ (ਡੀ) ਰਾਜਪਾਲ ਸਿੰਘ ਨੇ ਅੱਜ ਸਥਾਨਕ ਆਈਟੀਆਈ ਵਿੱਚ ਮੇਹਰ ਬਾਬਾ ਹਾਕੀ ਨਰਸਰੀ ਦਾ ਦੌਰਾ ਕਰਦੇ ਹੋਏ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਹਾਕੀ ਦੇ ਖੇਤਰ ਵਿੱਚ ਕੀਤੇ ਗਏ ਉਪਰਾਲਿਆ ਦੀ ਸ਼ਲਾਘਾ ਕੀਤੀ। ਟਰੱਸਟੀ ਸੂਰਤ ਸਿੰਘ ਸੰਧੂ, ਠਾਕੁਰ ਸਿੰਘ ਮੇਜੀ, ਹਾਕੀ ਕੋਚ ਤੇਜਿੰਦਰ ਸਿੰਘ, ਵਜੀਰ ਚੰਦ, ਪ੍ਰਬੰਧਕ ਰੌਬਿਨ ਗੁਪਤਾ ਅਤੇ ਹੇਮਾ ਪਨੇਸਰ, ਸੰਦੀਪ ਕੁਮਾਰ, ਸਿਮਰਨਜੀਤ ਸਿੰਘ ਅਤੇ ਹਰਜੀਤ ਕੌਰ ਦੀ ਮੌਜੂਦਗੀ ਚ ਓਲੰਪੀਅਨ ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਇਸ ਹਾਕੀ ਨਰਸਰੀ ਦੇ ਬੱਚਿਆਂ ਨੂੰ ਕੌਮਾਂਤਰੀ ਪੱਧਰ ਦੀਆਂ ਸਹੂਲਤਾਂ ਇੱਥੇ ਹੀ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ। ਇਸ ਦੌਰਾਨ ਰਾਜਪਾਲ ਸਿੰਘ ਨੇ ਬੱਚਿਆਂ ਨੂੰ ਬਦਲਦੀ ਹਾਕੀ ਦੀ ਤਕਨੀਕ ਤੋਂ ਵੀ ਜਾਣੂ ਕਰਵਾਇਆ। ਇਸ ਮੌਕੇ ਠਾਕੁਰ ਮੇਜੀ ਨੇ ਦੱਸਿਆ ਕਿ ਮੇਹਰ ਬਾਬਾ ਚੈਰੀਟੇਬਲ ਟਰੱਸਟ ਵੱਲੋਂ ਹਾਕੀ ਨਰਸਰੀ ’ਤੇ ਕਰੀਬ 2.5 ਕਰੋੜ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਨਰਸਰੀ ਤੋਂ ਸਿਖਲਾਈ ਪ੍ਰਾਪਤ ਕਰ ਕੇ 106 ਤੋਂ ਵੱਧ ਖਿਡਾਰੀ ਭਾਰਤ ਦੀਆਂ ਨਾਮੀ ਹਾਕੀ ਅਕੈਡਮੀਆਂ ’ਚ ਖੇਡ ਰਹੇ ਹਨ। ਉਨ੍ਹਾਂ ਰਾਜਪਾਲ ਸਿੰਘ ਤੋਂ ਅਕੈਡਮੀ ਵਿੱਚ ਐਸਟਰੋਟਰਫ ਲਗਵਾਉਣ ਦੀ ਮੰਗ ਵੀ ਕੀਤੀ।