ਗੁਰਦੀਪ ਸਿੰਘ ਲਾਲੀ
ਸੰਗਰੂਰ, 26 ਮਈ
ਸੰਗਰੂਰ ਪੁਲੀਸ ਵੱਲੋਂ ਇੰਡੀਅਨ ਆਇਲ ਡਿੱਪੂ ਨੇੜੇ ਢਾਬਿਆਂ ਤੇ ਆਲੇ-ਦੁਆਲੇ ਦੇ ਮਕਾਨਾਂ ਵਿੱਚ ਛਾਪਾ ਮਾਰ ਕੇ ਡਿੱਪੂ ’ਚੋਂ ਤੇਲ ਲਿਜਾਣ ਵਾਲੇ ਟੈਂਕਰਾਂ ਵਿੱਚੋਂ ਤੇਲ ਚੋਰੀ ਕਰਨ ਤੇ ਚੋਰੀ ਕੀਤੇ ਤੇਲ ’ਚ ਈਥਾਨੌਲ ਦੀ ਮਿਲਾਵਟ ਕਰਕੇ ਸਸਤੇ ਭਾਅ ਵੇਚਣ ਦੇ ਚੱਲ ਰਹੇ ਗੋਰਖ਼ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਕਰੀਬ 8050 ਲਿਟਰ ਡੀਜ਼ਲ, ਪੈਟਰੋਲ ਤੇ ਈਥਾਨੌਲ ਬਰਾਮਦ ਕੀਤਾ ਗਿਆ ਹੈ ਜਦਕਿ ਚਾਰ ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਛਾਪੇ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਤੇ ਡੀਸੀ ਜਤਿੰਦਰ ਜ਼ੋਰਵਾਲ ਮੌਜੂਦ ਸਨ। ਜ਼ਿਲ੍ਹਾ ਪੁਲੀਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਕਰੀਬ 3-4 ਸਾਲਾਂ ਤੋਂ ਟੈਂਕਰਾਂ ’ਚੋਂ ਤੇਲ ਚੋਰੀ ਕਰਕੇ ਤੇ ਈਥਾਨੌਲ ਦੀ ਮਿਲਾਵਟ ਕਰਕੇ ਸਸਤੇ ਭਾਅ ਵੇਚਣ ਦਾ ਗੈਰਕਾਨੂੰਨੀ ਧੰਦਾ ਚੱਲ ਰਿਹਾ ਸੀ। ਅੱਜ ਸਵੇਰੇ ਪੁਲੀਸ ਟੀਮਾਂ ਵੱਲੋਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੋਸਤਾਨ ਪੈਟਰੋਲੀਅਮ ਦੇ ਡੰਪਾਂ ਨੇੜੇ ਸਥਿਤ ਢਾਬਿਆਂ ਤੇ ਆਸਪਾਸ ਦੇ ਘਰਾਂ ’ਤੇ ਛਾਪੇ ਮਾਰੇ ਗਏ। ਢਾਬਿਆਂ ਵਾਲੇ ਡਿੱਪੂ ਵਿੱਚੋਂ ਈਥਾਨੌਲ ਲਿਆਉਣ ਵਾਲੇ ਟੈਂਕਰਾਂ ਤੇ ਡਿੱਪੂ ’ਚੋਂ ਪੈਟਰੋਲ ਤੇ ਡੀਜ਼ਲ ਲਿਜਾਣ ਵਾਲੇ ਟੈਂਕਰਾਂ ਤੋਂ ਡੀਜ਼ਲ ਤੇ ਪੈਟਰੋਲ ਤੇ ਈਥਾਨੌਲ ਸਸਤੇ ਰੇਟ ’ਤੇ ਖਰੀਦਦੇ ਸਨ। ਉਸ ’ਚ ਮਿਲਾਵਟ ਕਰਕੇ ਲੋਕਾਂ ਨੂੰ ਵੇਚਦੇ ਸਨ। ਛਾਪੇ ਦੌਰਾਨ ਗਰੇਵਾਲ ਢਾਬੇ ਤੋਂ 2 ਮਾਰੂਤੀ ਕਾਰਾਂ, 750 ਲਿਟਰ ਈਥਾਨੌਲ, 50 ਲਿਟਰ ਪੈਟਰੋਲ, ਪਿੰਡ ਕੰਮੋਮਾਜਰਾ ਦੇ ਮਕਾਨ ’ਚੋਂ 1850 ਲਿਟਰ ਈਥਾਨੌਲ, 150 ਲਿਟਰ ਡੀਜ਼ਲ, ਕੰਮੋਮਾਜਰਾ ਦੇ ਪਸ਼ੂਆਂ ਵਾਲੇ ਵਾੜੇ ਤੇ ਮੋਟਰ ਤੋਂ 300 ਲਿਟਰ ਈਥਾਨੌਲ, 300 ਲਿਟਰ ਪੈਟਰੋਲ ਤੇ 1050 ਲਿਟਰ ਪੈਟਰੋਲੀਅਮ ਪਦਾਰਥ, ਸਤਨਾਮ ਸਿੰਘ ਦੇ ਘਰ ’ਚੋਂ 3000 ਲਿਟਰ, ਮਾਲਵਾ ਵੈਸ਼ਨੂੰ ਢਾਬਾ ’ਚੋਂ 150 ਲਿਟਰ ਡੀਜ਼ਲ ਤੇ ਸਕਰੈਪ ਟਰੱਕ, ਮਹਿੰਦਰਾ ਏਜੰਸੀ ਸਾਹਮਣੇ ਪਲਾਟ ’ਚੋਂ 100 ਲਿਟਰ ਡੀਜ਼ਲ ਤੇ 420 ਲਿਟਰ ਪੈਟਰੈਲ ਬਰਾਮਦ ਕੀਤਾ ਹੈ।