ਪਵਨ ਗੋਇਲ
ਭੁੱਚੋ ਮੰਡੀ, 1 ਅਕਤੂਬਰ
ਵਾਲਮਾਰਟ ਕੰਪਨੀ ਵੱਲੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਨੌਕਰੀ ਤੋਂ ਫਾਰਗ ਕੀਤੇ ਗਏ ਮੁਲਾਜ਼ਮਾਂ ਦਾ ਸੰਘਰਸ਼ ਅੱਜ ਰੰਗ ਲਿਆਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪੰਜਾਬ ਵਿਚਲੇ ਵਾਲਮਾਰਟ ਦੇ ਪੰਜੇ ਮਾਲਜ਼ ਘੇਰੇ ਜਾਣ ਦੇ ਪਹਿਲੇ ਹੀ ਦਿਨ ਕੰਪਨੀ ਦੇ ਅਧਿਕਾਰੀਆਂ ਨੇ ਸੰਘਰਸ਼ ਅੱਗੇ ਗੋਡੇ ਟੇਕ ਦਿੱਤੇ। ਉਨ੍ਹਾਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚ 50 ਮੁਲਾਜ਼ਮਾਂ ਨੂੰ ਮੁੜ ਨੌਕਰੀ ’ਤੇ ਰੱਖ ਲਿਆ ਹੈ। ਹੁਣ ਮੁਲਾਜ਼ਮਾਂ ਦੀ ਹਰ ਰੋਜ਼ ਇਸੇ ਮਾਲ ਵਿੱਚ ਹਾਜ਼ਰੀ ਲੱਗੇਗੀ। ਮੁਲਾਜ਼ਮਾਂ ਨੂੰ ਹੋਰਨਾਂ ਸ਼ਹਿਰਾਂ ਵਿੱਚ ਜਾ ਕੇ ਨੌਕਰੀ ਕਰਨ ਦਾ ਸੰਕਟ ਖ਼ਤਮ ਹੋ ਗਿਆ ਹੈ। ਇਸ ਫ਼ੈਸਲੇ ਮਗਰੋਂ ਮੁਲਾਜ਼ਮਾਂ ਨੇ ਬੈਸਟ ਪ੍ਰਾਈਸ ਅੱਗੇ ਸ਼ੁਰੂ ਕੀਤਾ ਲੜੀਵਾਰ ਧਰਨਾ ਖਤਮ ਕਰ ਦਿੱਤਾ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਬਠਿੰਡਾ ਦੇ ਪੁਲੀਸ ਆਈਜੀ ਦੇ ਦਫ਼ਤਰ ’ਚ ਕੰਪਨੀ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਮੁਲਾਜ਼ਮਾਂ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕਰਕੇ ਇਹ ਫ਼ੈਸਲਾ ਲਿਆ ਹੈ।
ਉਗਰਾਹਾਂ ਨੇ ਬੈਸਟ ਪ੍ਰਾਈਸ ਮਾਲਜ਼ ਅੱਗੋਂ ਧਰਨੇ ਚੁੱਕੇ
ਚੰਡੀਗੜ੍ਹ (ਟਨਸ): ਕਿਸਾਨਾਂ ਨੇ ਬੀਤੇ ਦਿਨ ਵਾਲਮਾਰਟ ਕੰਪਨੀ ਦੇ ਪੰਜਾਬ ਵਿਚਲੇ ਪੰਜ ਮਾਲਜ਼ ਅੱਗੇ ਸ਼ੁਰੂ ਕੀਤੇ ਪੱਕੇ ਧਰਨੇ ਅੱਜ ਸਮਾਪਤ ਕਰ ਦਿੱਤੇ ਹਨ। ਬੀਕੇਯੂ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨਾਂ ਤੇ ਮੁਲਾਜ਼ਮਾਂ ਦੇ ਵਫ਼ਦ ਨਾਲ ਆਈਜੀ ਬਠਿੰਡਾ ਵੱਲੋਂ ਕੰਪਨੀ ਦੇ ਉੱਚ ਅਧਿਕਾਰੀਆਂ ਦੀ ਕਰਵਾਈ ਗਈ ਮੀਟਿੰਗ ਮਗਰੋਂ ਧਰਨੇ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਆਗੂ ਨੇ ਦੱਸਿਆ ਕਿ ਅੱਜ ਬੈਸਟ ਪ੍ਰਾਈਸ ਮਾਲ ਜਲੰਧਰ ਦੇ ਸੱਤ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਬਾਰੇ ਜਾਣਕਾਰੀ ਦੇਰ ਨਾਲ ਮਿਲਣ ਕਾਰਨ ਸਮਝੌਤਾ ਗੱਲਬਾਤ ਸਮੇਂ ਇਹ ਮਸਲਾ ਵਿਚਾਰਿਆ ਨਹੀਂ ਜਾ ਸਕਿਆ ਅਤੇ ਜਥੇਬੰਦੀ ਦੀ ਸੂਬਾ ਕਮੇਟੀ ਵੱਲੋਂ ਵਿਚਾਰਨ ਮਗਰੋਂ ਇਸ ਦੇ ਹੱਲ ਕਰਨ ਦਾ ਯਤਨ ਵੀ ਕੀਤਾ ਜਾਵੇਗਾ।