ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਅਪਰੈਲ
ਦਿੱਲੀ ਕਮੇਟੀ ਅਧੀਨ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਦੀ ਹੱਦ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਦੇ ਦਫ਼ਤਰ ’ਤੇ ਕਬਜ਼ੇ ਸਬੰਧੀ ਦੋਵੇਂ ਧਿਰਾਂ ਆਹਮੋ-ਸਾਹਮਣੇ ਹੋ ਗਈਆਂ ਹਨ। ਬਜ਼ੁਰਗ ਸਿੱਖ ਆਗੂ ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਨੌਜਵਾਨਾਂ ਤੇ ਬੀਬੀਆਂ ਨੇ ਅੱਜ ਮੌਜੂਦਾ ਕਮੇਟੀ ਦੇ ਪ੍ਰਬੰਧ ਹੇਠਲੇ ਇਸ ਗੁਰਦੁਆਰੇ ਵਿਚਲੇ ਅਕਾਲੀ ਦਲ (ਦਿੱਲੀ ਸਟੇਟ) ਦੇ ਦਫ਼ਤਰ ਦਾ ਕਥਿਤ ਜਿੰਦਰਾ ਤੋੜ ਕੇ ਕਬਜ਼ਾ ਕਰ ਲਿਆ।
ਜ਼ਿਕਰਯੋਗ ਹੈ ਕਿ ਮੌਜੂਦਾ ਪ੍ਰਬੰਧਕਾਂ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਕਾਰਜਕਾਰਨੀ ਮੈਂਬਰਾਂ, ਜਿਨ੍ਹਾਂ ਨੇ ਨਵਾਂ ਸ਼੍ਰੋਮਣੀ ਅਕਾਲੀ ਦਲ (ਦਿੱਲੀ ਸਟੇਟ) ਕਾਇਮ ਕੀਤਾ ਸੀ, ਉਹ ਬਾਦਲ ਧੜੇ ਵਾਲੇ ਪਹਿਲੇ ਦਫ਼ਤਰ ’ਚੋਂ ਹੀ ਸਰਗਰਮੀਆਂ ਚਲਾ ਰਹੇ ਸਨ।
ਇਸ ਨਵੇਂ ਧੜੇ ਦੇ ਪ੍ਰਧਾਨ ਐੱਮ.ਪੀ. ਸਿੰਘ ਚੱਢਾ ਨੇ ਦਿੱਲੀ ਕਮੇਟੀ ਨੂੰ ਅਪੀਲ ਕੀਤੀ ਸੀ ਕਿ ਇਹ ਦਫ਼ਤਰ ਉਨ੍ਹਾਂ ਨੂੰ ਦਿੱਤਾ ਜਾਵੇ। ਇਸ ਮਗਰੋਂ ਦਿੱਲੀ ਕਮੇਟੀ ਨੇ ਇਹ ਦਫ਼ਤਰ ਅਕਾਲੀ ਦਲ (ਦਿੱਲੀ ਸਟੇਟ) ਨੂੰ ਜਾਰੀ ਕਰ ਦਿੱਤਾ ਸੀ। ਇਹ ਥਾਂ ਦਿੱਲੀ ਕਮੇਟੀ ਦੀ ਮਲਕੀਅਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਦੱਸਿਆ ਕਿ ਪਾਰਟੀ ਦੇ ਪ੍ਰਧਾਨ ਸਮੇਂ-ਸਮੇਂ ’ਤੇ ਬਦਲਦੇ ਰਹੇ ਤੇ ਮੌਜੂਦਾ ਸਮੇਂ ਸੁਖਬੀਰ ਸਿੰਘ ਬਾਦਲ ਕੋਲ ਪਾਰਟੀ ਦੀ ਕਮਾਨ ਹੈ। ਉਨ੍ਹਾਂ ਦੱਸਿਆ ਕਿ 1999 ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਹੋਏ ਇਕ ਸਮਝੌਤੇ ਤਹਿਤ ਸ਼੍ਰੋਮਣੀ ਅਕਾਲੀ ਦਲ, ਜਿਸ ਦੇ ਪ੍ਰਧਾਨ ਹਿੱਤ ਸਨ ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਜਿਸ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਨ, ਦੋਵਾਂ ਨੂੰ ਪਾਰਟੀ ਦੀਆਂ ਧਾਰਮਿਕ ਗਤੀਵਿਧੀਆਂ ਲਈ ਦਫ਼ਤਰ ਅਲਾਟ ਕੀਤੇ ਗਏ ਸਨ। ਇਹ ਸਮਝੌਤਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੋਇਆ ਸੀ ਪਰ ਪਿਛਲੇ ਦਿਨੀਂ ਹਰਮੀਤ ਸਿੰਘ ਕਾਲਕਾ ਵੱਲੋਂ ਨਵੀਂ ਪਾਰਟੀ ਬਣਾਈ ਗਈ ਤੇ ਪਾਰਟੀ ਦਫ਼ਤਰ ’ਤੇ ਕਬਜ਼ਾ ਕੀਤਾ ਗਿਆ, ਜਿਸ ਨੂੰ ਅੱਜ ਆਜ਼ਾਦ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਫ਼ਤਰ ਵਿਚ ਵਾਪਸੀ ਕੀਤੀ। ਇਸ ਦੇ ਸ਼ੁਕਰਾਨੇ ਵਜੋਂ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ।
ਪੁਲੀਸ ਨੇ ਕਾਰਵਾਈ ਦਾ ਭਰੋਸਾ ਦਿੱਤਾ: ਕਾਲਕਾ
ਦਿੱਲੀ ਕਮੇਟੀ ਦੇ ਆਗੂ ਹਰਮੀਤ ਸਿੰਘ ਕਾਲਕਾ ਤੇ ਸਾਥੀਆਂ ਨੇ ਦਿੱਲੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਕਿ ਅਖੰਡ ਪਾਠ ਦੇ ਭੋਗ ਮਗਰੋਂ ਦਿੱਲੀ ਪੁਲੀਸ ਨੇ ਮਾਮਲੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਨੇ ਕਿਹਾ ਕਿ ਅਵਤਾਰ ਸਿੰਘ ਹਿਤ ਤੇ ਸਾਥੀਆਂ ਨੇ ਗੁਰੂ ਗ੍ਰੰਥ ਸਾਹਿਬ ਵਰਗੇ ਮਹਾਨ ਧਾਰਮਿਕ ਗ੍ਰੰਥ ਨੂੰ ਕਬਜ਼ਾ ਕਰਨ ਲਈ ਇਸਤੇਮਾਲ ਕੀਤਾ ਹੈ, ਜੋ ਬਹੁਤ ਮੰਦਭਾਗਾ ਹੈ।