ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਦਸੰਬਰ
ਲੰਡਨ ਤੋਂ ਆਈ ਇੱਕ ਹਵਾਈ ਉਡਾਣ ਰਾਹੀਂ ਪੁੱਜੇ 264 ਯਾਤਰੂਆਂ ਵਿੱਚੋਂ 8 ਜਣੇ ਕਰੋਨਾ ਪਾਜ਼ੇਟਿਵ ਮਿਲੇ ਹਨ। ਇਹ ਉਡਾਣ ਬੀਤੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀ ਸੀ। ਇਸ ਦੌਰਾਨ ਯਾਤਰੂਆਂ ਨੂੰ ਲੈਣ ਪੁੱਜੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਵੱਲੋਂ ਹਵਾਈ ਅੱਡਾ ਪ੍ਰਬੰਧਕਾਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਸਬੰਧੀ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਨੇ ਦੱਸਿਆ ਕਿ ਬੀਤੀ ਦੇਰ ਰਾਤ ਲੰਡਨ ਤੋਂ ਅੰਮ੍ਰਿਤਸਰ ਪੁੱਜੀ ਹਵਾਈ ਉਡਾਣ ਦੇ ਸਾਰੇ 264 ਯਾਤਰੂਆਂ ਦੇ ਕਰੋਨਾ ਸਬੰਧੀ ਆਰਟੀਪੀਸੀਆਰ ਟੈਸਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚੋਂ ਅੱਠ ਜਣਿਆਂ ਦੇ ਟੈਸਟਾਂ ਦੇ ਨਤੀਜੇ ਪਾਜ਼ੇਟਿਵ ਆਏ ਹਨ। ਇਨ੍ਹਾਂ ਵਿੱਚੋਂ ਛੇ ਮਰਦ ਅਤੇ ਦੋ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੂੰ ਏਕਾਂਤਵਾਸ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਵਿੱਚ ਕਰੋਨਾ ਦਾ ਨਵਾਂ ਦੌਰ ਆਰੰਭ ਹੋਣ ਕਾਰਨ ਉੱਥੋਂ ਆਉਣ ਵਾਲੀ ਹਵਾਈ ਸੇਵਾ 31 ਦਸੰਬਰ ਤਕ ਬੰਦ ਕਰ ਦਿੱਤੀ ਗਈ ਹੈ ਪਰ ਇਹ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਬੀਤੀ ਰਾਤ ਪੁੱਜੀ ਹਵਾਈ ਉਡਾਣ ਉੱਥੋਂ ਰਵਾਨਾ ਹੋ ਚੁੱਕੀ ਸੀ। ਇਸ ਲਈ ਸਾਰੇ ਯਾਤਰੂਆਂ ਦਾ ਕਰੋਨਾ ਟੈਸਟ ਕਰਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਕੰਮ ਲਈ ਸਿਹਤ ਵਿਭਾਗ ਦੀਆਂ ਚਾਰ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ, ਜਿਨ੍ਹਾਂ ਸਾਰੀ ਰਾਤ ਟੈਸਟਿੰਗ ਲਈ ਕੰਮ ਕੀਤਾ। ਉਨ੍ਹਾਂ ਆਖਿਆ ਕਿ ਟੈਸਟ ਦੇ ਨਤੀਜੇ ਆਉਣ ਵਿੱਚ ਵਧੇਰੇ ਸਮਾਂ ਲਗਦਾ ਹੈ ਪਰ ਸਿਹਤ ਵਿਭਾਗ ਦੀ ਟੀਮ ਨੇ ਇਹ ਕੰਮ ਅੱਧੇ ਸਮੇਂ ਵਿੱਚ ਮੁਕੰਮਲ ਕੀਤਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਦੀ ਮਨਸ਼ਾ ਕਿਸੇ ਨੂੰ ਤੰਗ ਕਰਨਾ ਨਹੀਂ ਸੀ ਪਰ ਨਵੇਂ ਖ਼ਤਰੇ ਤੋਂ ਬਚਾਉਣ ਲਈ ਕੋਈ ਲਾਪ੍ਰਵਾਹੀ ਵੀ ਨਹੀਂ ਕੀਤੀ ਜਾ ਸਕਦੀ। ਇਸ ਲਈ ਸਾਰੇ ਮੁਸਾਫ਼ਰਾਂ ਨੂੰ ਟੈਸਟ ਦੇ ਨਤੀਜੇ ਆਉਣ ਮਗਰੋਂ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸ ਦੌਰਾਨ ਹਵਾਈ ਅੱਡੇ ਤੋਂ ਬਾਹਰ ਜਾਣ ਵਿੱਚ ਦੇਰੀ ਹੋਣ ਕਾਰਨ ਯਾਤਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਮੁਜ਼ਾਹਰਾ ਕੀਤਾ ਗਿਆ। ਕੁਝ ਯਾਤਰੀਆਂ ਨੇ ਆਖਿਆ ਕਿ ਉਹ ਆਉਣ ਤੋਂ ਪਹਿਲਾਂ ਹੀ ਕਰੋਨਾ ਟੈਸਟ ਕਰਵਾ ਕੇ ਆਏ ਹਨ, ਜਿਸ ਦਾ ਨਤੀਜਾ ਨੈਗੇਟਿਵ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦਾ ਇੱਥੇ ਟੈਸਟ ਕੀਤਾ ਗਿਆ। ਇਸੇ ਤਰ੍ਹਾਂ ਯਾਤਰੂਆਂ ਦੇ ਰਿਸ਼ਤੇਦਾਰਾਂ ਨੇ ਆਖਿਆ ਕਿ ਠੰਢ ਵਿੱਚ ਬਾਹਰ ਲੰਮੀ ਉਡੀਕ ਕਰਨੀ ਪਈ ਹੈ।
ਦੇਰੀ ਸਬੰਧੀ ਅਗਾਊਂ ਸੂਚਿਤ ਕਰਨ ਦਾ ਦਾਅਵਾ
ਹਵਾਈ ਅੱਡਾ ਪ੍ਰਸ਼ਾਸਨ ਨੇ ਆਖਿਆ ਕਿ ਇਸ ਸਬੰਧੀ ਕੱਲ੍ਹ ਪਹਿਲਾਂ ਹੀ ਮੀਡੀਆ ਰਾਹੀਂ ਯਾਤਰੀਆਂ ਨੂੰ ਲੈਣ ਆ ਰਹੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਹੋਰਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਕਿ ਹਰੇਕ ਯਾਤਰੀ ਦਾ ਕਰੋਨਾ ਟੈਸਟ ਲਾਜ਼ਮੀ ਹੋਣ ਕਾਰਨ ਇਸ ਪ੍ਰਕਿਰਿਆ ਨੂੰ ਮੁਕੰਮਲ ਕਰਨ ’ਚ ਪੰਜ ਤੋਂ ਛੇ ਘੰਟੇ ਦਾ ਵਾਧੂ ਸਮਾਂ ਲੱਗੇਗਾ। ਇਸ ਦੌਰਾਨ ਯਾਤਰੀਆਂ ਦੀ ਮਦਦ ਲਈ ਹਵਾਈ ਅੱਡਾ ਪ੍ਰਸ਼ਾਸਨ ਵੱਲੋਂ ਰਾਤ ਦਾ ਭੋਜਨ , ਫ਼ਲਾਂ ਤੇ ਜੂਸ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ ਜਦਿਕ ਬੱਚਿਆਂ ਅਤੇ ਬਜ਼ੁਰਗਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ।
ਭਾਰਤ ਨੇ ਕਰੋਨਾ ਵੈਕਸੀਨਾਂ ਦੀ ਸਮਰੱਥਾ ਪ੍ਰਭਾਵਿਤ ਨਾ ਹੋਣ ਦਾ ਦਾਅਵਾ ਕੀਤਾ
ਨਵੀਂ ਦਿੱਲੀ: ਯੂਕੇ ਵਿੱਚ ਕਰੋਨਾਵਾਇਰਸ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਦੌਰਾਨ ਭਾਰਤ ਸਰਕਾਰ ਨੇ ਲੋਕਾਂ ਨੂੰ ਚਿੰਤਾ ਨਾ ਕਰਨ ਲਈ ਕਿਹਾ ਹੈ। ਨੀਤੀ ਆਯੋਗ ਮੈਂਬਰ ਡਾ. ਵੀ ਕੇ ਪੌਲ ਨੇ ਕਿਹਾ ਕਿ ਯੂਕੇ ’ਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਨਾਲ ਭਾਰਤ ਤੇ ਹੋਰ ਮੁਲਕਾਂ ’ਚ ਇਸ ਮਹਾਮਾਰੀ ਦੇ ਇਲਾਜ ਲਈ ਤਿਆਰ ਕੀਤੀਆਂ ਜਾ ਰਹੀਆਂ ਵੈਕਸੀਨਾਂ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੋਵੇਗੀ। -ਪੀਟੀਆਈ
ਬਰਤਾਨੀਆ ਤੋਂ ਆਏ 12 ਹੋਰ ਯਾਤਰੀ ਕਰੋਨਾ ਪਾਜ਼ੇਟਿਵ
ਨਵੀਂ ਦਿੱਲੀ/ ਕੋਲਕਾਤਾ: ਭਾਰਤ ਦੇ ਵੱਖ-ਵੱਖ ਸੂਬਿਆਂ ’ਚ ਬਰਤਾਨੀਆ ਤੋਂ ਪੁੱਜਣ ਵਾਲੇ 12 ਯਾਤਰੀਆਂ ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਦਿੱਲੀ ’ਚ 6, ਕੋਲਕਾਤਾ ਵਿੱਚ 2 ਤੇ ਅਹਿਮਦਾਬਾਦ ਵਿੱਚ 4 ਯਾਤਰੀਆਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਦੱਸਣਯੋਗ ਹੈ ਕਿ ਪਿਛਲੇ ਇੱਕ ਹਫ਼ਤੇ ਵਿੱਚ ਤੇਲੰਗਾਨਾ ਵਿੱਚ ਵੀ ਯੂਕੇ ਤੋਂ ਕੁੱਲ 358 ਯਾਤਰੀ ਪੁੱਜੇ ਹਨ। ਪ੍ਰਸ਼ਾਸਨ ਵੱਲੋਂ ਇਨ੍ਹਾਂ ਯਾਤਰੀਆਂ ਦਾ ਪਤਾ ਲਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸ ਦੌਰਾਨ ਬੰਗਲੁਰੂ ਏਅਰਪੋਰਟ ਨੇ ਅੱਜ ਯਾਤਰੀਆਂ ਲਈ ਕੋਵਿਡ- 19 ਦੀ ਟੈਸਟਿੰਗ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ।