ਅਮਨ ਸੂਦ
ਪਟਿਆਲਾ, 30 ਮਾਰਚ
ਪਟਿਆਲਾ ਸ਼ਹਿਰ ਦੇ ਮਾਡਲ ਟਾਊਨ ਇਲਾਕੇ ਵਿੱਚ ਸਾਰੇ ਨਿਯਮ ਛਿੱਕੇ ਟੰਗਦਿਆਂ ਅਤੇ ਕਰੋੜਾਂ ਰੁਪਏ ਦੀ ਸਰਕਾਰੀ ਜ਼ਮੀਨ ਹੜੱਪਦਿਆਂ ਬਿਨਾਂ ਕਿਸੇ ਤੋਂ ਆਗਿਆ ਲਿਆਂ ਇੱਕ ਜਨਤਕ ਪਾਰਕ ’ਤੇ ਇੱਕ ਪ੍ਰਾਈਵੇਟ ਟੈਨਿਸ ਅਕੈਡਮੀ ਖੜ੍ਹੀ ਕਰ ਲਈ ਗਈ ਹੈ। ਇਸ ਮਾਮਲੇ ਵਿੱਚ ਜਿੱਥੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਨੇ ਜਾਂਚ ਦੇ ਹੁਕਮ ਦਿੱਤੇ ਹਨ, ਉੱਥੇ ਪਟਿਆਲਾ ਦੇ ਮੇਅਰ ਨੇ ਕਥਿਤ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ ਹੈ। ਮਾਡਲ ਟਾਊਨ ਦੇ ਵਸਨੀਕਾਂ ਨੇ ਦੱਸਿਆ ਕਿ ਇੱਥੇ ਸਰਕਾਰੀ ਕਮਿਊਨਿਟੀ ਸਿਹਤ ਕੇਂਦਰ ਦੇ ਬਿਲਕੁਲ ਸਾਹਮਣੇ ਪੈਂਦੇ ਇੱਕ ਜਨਤਕ ਪਾਰਕ ’ਤੇ ‘ਸਨੈਪ ਬੈਕ ਟੈਨਿਸ ਅਕੈਡਮੀ’ ਦਾ ਹੋਰਡਿੰਗ ਲਗਪਗ 15 ਕੁ ਦਿਨ ਪਹਿਲਾਂ ਟੰਗ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਅਕੈਡਮੀ ਵਾਲਿਆਂ ਨੇ ਇਲਾਕਾ ਵਾਸੀਆਂ ਨੂੰ ਟੈਨਿਸ ਅਕੈਡਮੀ ਦੇ ਇਲਾਕੇ ’ਚ ਆਉਣ ਤੋਂ ਮਨ੍ਹਾਂ ਕਰਦਿਆਂ ਕਿਸੇ ਦੂਜੇ ਬਲਾਕ ਦੇ ਪਾਰਕ ਦੀ ਵਰਤੋਂ ਕਰਨ ਲਈ ਆਖ ਦਿੱਤਾ ਹੈ।
ਇਸ ਬਾਰੇ ਪਤਾ ਕਰਨ ਲਈ ਜਦ ‘ਦਿ ਟ੍ਰਿਬਿਊਨ’ ਦੀ ਟੀਮ ਮੌਕੇ ਉੱਤੇ ਪਹੁੰਚੀ ਤਾਂ ਫਲੱਡ ਲਾਈਟਾਂ ਵਾਲੀ ਅਕੈਡਮੀ ਸਰਕਾਰੀ ਬਿਜਲੀ ਤੇ ਜ਼ਮੀਨ ਵਰਤ ਰਹੀ ਸੀ। ਹੈੱਡ ਕੋਚ ਸੋਨੂੰ ਸੁਨਿਆਰਾ ਨੇ ਕਿਹਾ ਕਿ ਅਕੈਡਮੀ ਇਕ ਸਥਾਨਕ ਨਿਵਾਸੀ ਦੀ ਹੈ ਤੇ ਉਸ ਨੂੰ ਬੱਚਿਆਂ ਦੀ ਸਿਖ਼ਲਾਈ ਲਈ ਕੋਚ ਲਾਇਆ ਗਿਆ ਹੈ। ਫੀਸ ਬਾਰੇ ਪੁੱਛੇ ਜਾਣ ’ਤੇ ਉਸ ਨੇ ਕਿਹਾ ਕਿ 15 ਹਜ਼ਾਰ ਤੋਂ ਚਾਰ ਹਜ਼ਾਰ ਤੱਕ ਲਏ ਜਾ ਰਹੇ ਹਨ। ਅਕੈਡਮੀ ਵਿੱਚ ਕੰਮ ਕਰ ਰਹੇ ਵਿਅਕਤੀਆਂ ਨੇ ਮਾਲਕ ਬਾਰੇ ਕੁਝ ਦੱਸਣ ਤੋਂ ਇਨਕਾਰ ਕਰ ਦਿੱਤਾ।
ਸਰਕਾਰੀ ਪਾਰਕ ’ਚ ਅਕੈਡਮੀ ਦੀ ਆਗਿਆ ਨਹੀਂ ਦੇਵਾਂਗੇ: ਮੇਅਰ
ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਕਿਹਾ ਕਿ ਸਰਕਾਰੀ ਪਾਰਕ ਵਿੱਚ ਕਿਸੇ ਵੀ ਨੂੰ ਪ੍ਰਾਈਵੇਟ ਖੇਡ ਅਕੈਡਮੀ ਚਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਮੇਅਰ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਜਿਨ੍ਹਾਂ ਦੀ ਡਿਊਟੀ ਸਰਕਾਰੀ ਪਾਰਕਾਂ ਉੱਤੇ ਨਾਜਾਇਜ਼ ਕਬਜ਼ਿਆਂ ਦੀ ਨਿਗਰਾਨੀ ਰੱਖਣ ਦੀ ਹੈ। ਪਟਿਆਲਾ ਦੇ ਡੀਸੀ ਸੰਦੀਪ ਹੰਸ ਨੇ ਕਿਹਾ ਕਿ ਜਾਂਚ ਦੇ ਹੁਕਮ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਇਕੱਤਰ ਜਾਣਕਾਰੀ ਮੁਤਾਬਕ ਜਿਸ ਜ਼ਮੀਨ ਉਤੇ ਅਕੈਡਮੀ ਹੈ, ਉਸ ਦੀ ਕੀਮਤ 50 ਕਰੋੜ ਰੁਪਏ ਤੱਕ ਹੋ ਸਕਦੀ ਹੈ ਕਿਉਂਕਿ ਮਾਡਲ ਟਾਊਨ ਇਲਾਕੇ ਵਿਚ ਇਸ ਤਰ੍ਹਾਂ ਦੀ ਇਕੱਠੀ 1.5 ਏਕੜ ਜ਼ਮੀਨ ਹੋਰ ਕਿਤੇ ਵੀ ਨਹੀਂ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਪੁਨੀਤ ਗੋਇਲ ਨੇ ਕਿਹਾ ਕਿ ਉਹ ਨਿਗਮ ਤੋਂ ਰਿਪੋਰਟ ਤਲਬ ਕਰਨਗੇ। ਨਗਰ ਨਿਗਮ ਕਮਿਸ਼ਨਰ ਕੇਸ਼ਵ ਹਿੰਗੋਨੀਆ ਨੇ ਸੰਪਰਕ ਕਰਨ ’ਤੇ ਫੋਨ ਨਹੀਂ ਚੁੱਕਿਆ।