ਬਲਵਿੰਦਰ ਰੈਤ
ਨੂਰਪੁਰ ਬੇਦੀ, 16 ਸਤੰਬਰ
ਮਾਈਨਿੰਗ ਵਿਭਾਗ ਨੇ ਅੱਜ ਆਪਣੇ ਅਧਿਕਾਰੀ ਭੇਜ ਕੇ ਸਮਿਤੀ ਦੇ ਰੈਸਟ ਹਾਊਸ ਨੂਰਪੁਰ ਬੇਦੀ ਵਿੱਚ ਜਬਰੀ ਕਬਜ਼ਾ ਕਰ ਕੇ ਆਪਣਾ ਦਫ਼ਤਰ ਖੋਲ੍ਹ ਲਿਆ। ਇਸ ਕਾਰਨ ਸਮਿਤੀ ਚੇਅਰਮੈਨ, ਸਮਿਤੀ ਮੈਂਬਰਾਂ ਤੇ ਇਲਾਕੇ ਤੇ ਲੋਕਾਂ ਵਿੱਚ ਰੋਸ ਹੈ। ਕਿਸਾਨ ਆਗੂ ਮਾਸਟਰ ਗੁਰਨਾਇਬ ਸਿੰਘ ਜੈਤੇਵਾਲ ਨੇ ਕਿਹਾ ਕਿ ਇਸ ਸਮਿਤੀ ਦੇ ਰੈਸਟ ਹਾਊਸ ’ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ ਹੀ ਨਹੀਂ ਕੀਤੀ, ਸਗੋ ਆਪਣਾ ਦਫ਼ਤਰੀ ਸਾਮਾਨ ਵੀ ਰੱਖ ਲਿਆ। ਸਥਾਨਕ ਕਾਂਗਰਸੀ ਆਗੂ ਅਤੇ ਸਮਿਤੀ ਮੈਂਬਰ ਪ੍ਰੀਤਮ ਸਿੰਘ ਮਵਾ ਨੇ ਕਿਹਾ ਕਿ ਮਾਈਨਿੰਗ ਵਿਭਾਗ ਦੇ ਐੱਸਡੀਓ ਅਤੇ ਜੇਈ ਨੇ ਸਮਿਤੀ ਰੈਸਟ ਹਾਊਸ ਦਾ ਤਾਲਾ ਤੋੜ ਕੇ ਧੱਕੇ ਨਾਲ ਕਬਜ਼ਾ ਕੀਤਾ। ਉਕਤ ਵਿਭਾਗ ਦੇ ਐੱਸਡੀਓ ਨੇ ਕਿਹਾ ਕਿ ਉਨ੍ਹਾਂ ਨੂੰ ਆਨੰਦਪੁਰ ਸਾਹਿਬ ਦੇ ਐੱਸਡੀਐੱਮ ਨੇ ਰੈਸਟ ਹਾਊਸ ਨੂਰਪੁਰ ਬੇਦੀ ਵਿੱਚ ਦਫ਼ਤਰ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਹਨ।
ਮਸਲੇ ਦਾ ਹੱਲ ਕੱਢਿਆ ਜਾਵੇਗਾ: ਡੀਸੀ ਰੂਪਨਗਰ
ਡਿਪਟੀ ਕਮਿਸ਼ਨਰ ਰੂਪਨਗਰ ਪ੍ਰੀਤੀ ਯਾਦਵ ਨੂੰ ਮੰਗ ਪੱਤਰ ਦੇਣ ਗਏ ਪੰਚਾਇਤ ਸੰਮਤੀ ਮੈਂਬਰਾਂ ਨੂੰ ਡੀਸੀ ਨੇ ਵਿਸ਼ਵਾਸ਼ ਦਿਵਾਇਆ ਕਿ ਸੋਮਵਾਰ ਤੱਕ ਤੁਹਾਡੇ ਮਸਲੇ ਦਾ ਹੱਲ ਕੱਢ ਲਿਆ ਜਾਵੇਗਾ। ਡੀਸੀ ਰੂਪਨਗਰ ਨੇ ਮਾਈਨਿੰਗ ਅਧਿਕਾਰੀਆਂ ਨੂੰ ਰੈਸਟ ਹਾਊਸ ਖਾਲੀ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ। ਬੀਡੀਪੀਓ ਨੂਰਪੁਰ ਬੇਦੀ ਪਵਨਜੀਤ ਕੌਰ ਨੇ ਕਿਹਾ ਕਿ ਖਾਲੀ ਪਏ ਤਹਿਸੀਲਦਾਰ ਦੇ ਕਮਰੇ ਨੂੰ ਰੰਗ ਰੋਗਨ ਤੇ ਸਫ਼ਾਈ ਕਰਵਾ ਕੇ ਮਾਈਨਿੰਗ ਵਿਭਾਗ ਨੂੰ ਦਫ਼ਤਰ ਲਈ ਦੇ ਦਿੱਤੇ ਜਾਣਗੇ।