ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜਨਵਰੀ
ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਕਾਰਨ ਪਿਛਲੇ ਅਰਸੇ ਦੌਰਾਨ ਜੰਗਲਾਤ ਦਾ 18946 ਏਕੜ ਖੇਤਰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਜੰਗਲਾਤ ਅਧੀਨ ਖੇਤਰ ਵਿੱਚ 2872 ਏਕੜ ਦਾ ਵਾਧਾ ਦਰਜ ਕੀਤਾ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪਨਕੈਂਪਾ ਸਕੀਮ ਤਹਿਤ 34988 ਏਕੜ ਰਕਬੇ ’ਤੇ ਨਵੇਂ ਬੂਟੇ ਲਾਏ ਗਏ। ਇਸੇ ਤਰ੍ਹਾਂ ਐਗਰੋਫਾਰੈਸਟਰੀ ਸਕੀਮ ਤਹਿਤ ਪਿਛਲੇ ਚਾਰ ਸਾਲਾਂ ਦੌਰਾਨ 115.96 ਲੱਖ ਬੂਟਿਆਂ ’ਤੇ 10204 ਲਾਭਪਾਤਰੀ ਕਿਸਾਨਾਂ ਨੂੰ 10 ਕਰੋੜ ਰੁਪਏ ਦੀ ਸਬਸਿਡੀ ਆਧਾਰ ਲਿੰਕਡ ਖਾਤਿਆਂ ਵਿੱਚ ਸਿੱਧੇ ਪਾਈ ਗਈ ਹੈ। ਸ੍ਰੀ ਧਰਮਸੋਤ ਨੇ ਕਿਹਾ ਕਿ ਸੂਬਾ ਸਰਕਾਰ ਦੀ ਨਵੀਂ ਡਾ.ਬੀ.ਆਰ.ਅੰਬੇਦਕਰ ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸੈਸ਼ਨ 2020-21 ਤੋਂ ਲਾਗੂ ਹੋ ਗਈ ਹੈ।
ਕੈਬਨਿਟ ਮੰਤਰੀ ’ਤੇ ਝੂਠ ਬੋਲਣ ਦੇ ਦੋਸ਼
ਚੰਡੀਗੜ੍ਹ (ਪੱਤਰ ਪ੍ਰੇਰਕ): ਨੈਸ਼ਨਲ ਸ਼ਡਿਊਲਡ ਕਾਸਟਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਕੋਰਾ ਝੂਠ ਬੋਲ ਰਹੇ ਹਨ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੇ ਪਰਿਵਾਰਾਂ ਦੀ ਭਲਾਈ ਲਈ ਠੋਸ ਕਦਮ ਚੁੱਕੇ ਗਏ ਹਨ ਜਦਕਿ ਇਸ ਦੇ ਉਲਟ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਖਤਮ ਕੀਤਾ ਗਿਆ ਹੈ। ਡਾ.ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਲਾਗੂ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਲਏ ਗਏ ਇਕ ਪਾਸੜ ਫੈਸਲੇ ਨੂੰ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਜ਼ (ਜੈਕ) ਦੇ ਆਗੂਆਂ ਨੇ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੂੰ ਨਵੀਂ ਡਾ.ਬੀ.ਆਰ.ਅੰਬੇਦਕਰ ਐਸ.ਸੀ.ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਬੰਧੀ ਸਫੈਦ ਪੱਤਰ ਜਾਰੀ ਕਰਨਾ ਚਾਹੀਦਾ ਹੈ।