ਸ਼ਸ਼ੀ ਪਾਲ ਜੈਨ
ਖਰੜ, 18 ਸਤੰਬਰ
ਮੁੱਖ ਅੰਸ਼
- ਵਿਦਿਆਰਥਣਾਂ ਵੱਲੋਂ ਖੁ਼ਦਕੁਸ਼ੀ ਦੀ ਕੋਸ਼ਿਸ਼ ਦੀਆਂ ਖ਼ਬਰਾਂ ਰੱਦ
- ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦੋ ਦਿਨ ਲਈ ਛੁੱਟੀ ਦਾ ਐਲਾਨ
ਖਰੜ ਨੇੜਲੇ ਪਿੰਡ ਘੜੂੰਆਂ ਸਥਿਤ ਚੰਡੀਗੜ੍ਹ ਯੂਨੀਵਰਸਿਟੀ ’ਚ ਵਿਦਿਆਰਥੀਆਂ ਨੇ ਅੱਜ ਤੜਕੇ ਉਸ ਸਮੇਂ ਹੰਗਾਮਾ ਕਰ ਦਿੱਤਾ, ਜਦੋਂ ਵਿਦਿਆਰਥਣ ਨੇ ਕਥਿਤ ਤੌਰ ’ਤੇ ਹੋਰ ਵਿਦਿਆਰਥਣਾਂ ਦੇ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੇ। ਇਸ ਘਟਨਾ ਦੇ ਸਬੰਧ ਵਿੱਚ ਪੁਲੀਸ ਨੇ ਸਬੰਧਤ ਵਿਦਿਆਰਥਣ ਨੂੰ ਯੂਨੀਵਰਸਿਟੀ ਤੋਂ ਅਤੇ ਉਸ ਦੇ ਸਾਥੀ ਨੂੰ ਸ਼ਿਮਲਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ’ਚ ਦੋ ਦਿਨ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਪੁਲੀਸ ਅਧਿਕਾਰੀਆਂ ਵੱਲੋਂ ਸਮਝਾਉਣ ਦੇ ਬਾਵਜੂਦ ਵਿਦਿਆਰਥੀ ਅਜੇ ਵੀ ਧਰਨੇ ’ਤੇ ਡਟੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿ ਰਹੀ ਇੱਕ ਵਿਦਿਆਰਥਣ ਨੇ ਆਪਣਾ ਕਥਿਤ ਇਤਰਾਜ਼ਯੋਗ ਵੀਡੀਓ ਸ਼ਿਮਲਾ ਦੇ ਨੌਜਵਾਨ ਨੂੰ ਭੇਜ ਦਿੱਤਾ ਅਤੇ ਅੱਗੋਂ ਉਸ ਨੇ ਵੀਡੀਓ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ। ਇਹ ਵੀਡੀਓ ਵਾਇਰਲ ਹੁੰਦੇ ਹੀ ਅਫ਼ਵਾਹ ਫੈਲ ਗਈ ਕਿ ਕਈ ਹੋਰ ਲੜਕੀਆਂ ਦੇ ਵੀਡੀਓਜ਼ ਵੀ ਵਾਇਰਲ ਹੋਏ ਹਨ। ਕੁਝ ਚੈਨਲਾਂ ਤੇ ਸੋਸ਼ਲ ਮੀਡੀਆ ਉੱਤੇ ਰੌਲਾ ਪੈ ਗਿਆ ਕਿ ਕੁਝ ਵਿਦਿਆਰਥਣਾਂ ਨੇ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਅਤੇ ਇੱਕ ਵਿਦਿਆਰਥਣ ਦੀ ਮੌਤ ਵੀ ਹੋ ਚੁੱਕੀ ਹੈ। ਇੱਕ ਹੋਰ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਕਾਲਜ ਦੀ ਵਾਰਡਨ ਵਿਦਿਆਰਥਣ ਨੂੰ ਝਿੜਕਦੀ ਹੋਈ ਦਿਖਾਈ ਦੇ ਰਹੀ ਹੈ। ਇਸ ਘਟਨਾ ਮਗਰੋਂ ਅੱਜ ਤੜਕੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਸੜਕਾਂ ’ਤੇ ਆ ਗਏ ਤੇ ਉਨ੍ਹਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ਵਿੱਚ ਪੁਲੀਸ ਅਧਿਕਾਰੀਆਂ ਨੇ ਪਿੰਡ ਘੜੂੰਆਂ ਪਹੁੰਚ ਕੇ ਵਿਦਿਆਰਥੀਆਂ ਨੂੰ ਸਮਝਾਇਆ ਗਿਆ ਅਤੇ ਹਾਲਾਤ ਕਾਬੂ ਵਿੱਚ ਕੀਤੇ ਗਏ।ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ, ਰੋਪੜ ਰੇਂਜ ਦੇ ਡੀਆਈਜੀ ਜੀਐੱਸ ਭੁੱਲਰ, ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਅਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਵੀ ਯੂਨੀਵਰਸਿਟੀ ਦਾ ਵੀ ਦੌਰਾ ਕੀਤਾ। ਮਨੀਸ਼ਾ ਗੁਲਾਟੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਸਬੰਧੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਕਿਸੇ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਖਰੜ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਇਹ ਵੀਡੀਓ ਵਾਇਰਲ ਕਰਨ ਵਾਲੀ ਲੜਕੀ ਨੂੰ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਬਾਅਦ ਵਿੱਚ ਪੁਲੀਸ ਦੀ ਇੱਕ ਟੀਮ ਸ਼ਿਮਲਾ ਰਵਾਨਾ ਕੀਤੀ ਗਈ ਜਿਸ ਨੇ ਲੜਕੀ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੋਸਟਲ ਵਾਰਡਨ ਸਬੰਧੀ ਵਾਇਰਲ ਵੀਡੀਓ ਦੀ ਵੀ ਜਾਂਚ ਕੀਤੀ ਜਾਵੇਗੀ। ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀ ਜਾਂਚ ਹੋਵੇਗੀ ਤਾਂ ਜੋ ਭਵਿੱਖ ਵਿੱਚ ਅਜਿਹੀ ਕੋਈ ਹੋਰ ਘਟਨਾ ਨਾ ਹੋਵੇ। ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਕਿਹਾ ਕਿ ਇੱਥੇ ਕਿਸੇ ਵਿਦਿਆਰਥਣ ਨੇ ਨਾ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਨਾ ਹੀ ਕਿਸੇ ਹੋਰ ਲੜਕੀ ਦਾ ਵੀਡੀਓ ਵਾਇਰਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਤਸਦੀਕ ਤੋਂ ਕੋਈ ਵੀ ਵੀਡੀਓ ਵਾਇਰਲ ਨਾ ਹੋਣ ਦੇਵੇ।
ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਸਪੱਸ਼ਟ ਕੀਤਾ ਕਿ ਨਾ ਕਿਸੇ ਵਿਦਿਆਰਥਣ ਦੀ ਮੌਤ ਹੋਈ ਹੈ ਤੇ ਨਾ ਹੀ ਕਿਸੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸੋਸ਼ਲ ਮੀਡੀਆ ਉੱਤੇ ਗ਼ਲਤ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੋ ਵੀਡੀਓ ਵਾਇਰਲ ਹੋਇਆ ਹੈ ਉਹ ਸਿਰਫ਼ ਇੱਕੋ ਲੜਕੀ ਦਾ ਹੈ ਤੇ ਉਸ ਨੇ ਹੀ ਵਾਇਰਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੁਲਜ਼ਮ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਉਸ ਦੇ ਸਾਥੀ ਨੂੰ ਵੀ ਸ਼ਿਮਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਵਰਤਿਆ ਮੋਬਾਈਲ ਵੀ ਜ਼ਬਤ ਕਰ ਲਿਆ ਗਿਆ ਹੈ। ਰੋਪੜ ਰੇਂਜ ਦੇ ਡੀਆਈਜੀ ਜੀਐੱਸ ਭੁੱਲਰ ਨੇ ਸਭ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਇਸ ਮਾਮਲੇ ’ਚ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਡੀਨ ਆਫ਼ ਸਟੂਡੈਂਟ ਵੈੱਲਫੇਅਰ ਏਐੱਸ ਕੰਗ ਨੇ ਕਿਹਾ ਕਿ ਇਹ ਗੱਲ ਬਿਲਕੁਲ ਗ਼ਲਤ ਹੈ ਕਿ ਉਸ ਲੜਕੀ ਨੇ 8 ਲੜਕੀਆਂ ਦੇ ਵੀਡੀਓ ਵਾਇਰਲ ਕੀਤੇ ਹਨ ਅਤੇ 9 ਲੜਕੀਆਂ ਨੇ ਆਤਮ ਹੱਤਿਆ ਦੀ ਕੋਸ਼ਿਸ਼ਾਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਸਬੰਧ ’ਚ ਉਹ ਕੁਝ ਨਹੀਂ ਕਹਿ ਸਕਦੇ। ਯੂਨੀਵਰਸਿਟੀ ਨੇ ਖ਼ੁਦ ਸ਼ਿਕਾਇਤ ਕਰਕੇ ਐੱਫ਼ਆਈਆਰ ਦਰਜ ਕਰਵਾਈ ਹੈ। ਦੂਜੇ ਪਾਸੇ ਯੂਨੀਵਰਸਿਟੀ ਦੇ ਗੇਟ ਅੱਗੇ ਦੇਰ ਸ਼ਾਮ ਨੂੰ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਧਰਨੇ ’ਤੇ ਡਟੇ ਹੋਏ ਸਨ ਤੇ ਇਨਸਾਫ਼ ਦੀ ਮੰਗ ਕਰ ਰਹੇ ਸਨ।
ਵਿਦਿਆਰਥੀਆਂ ਦੀਆਂ ਕੁਝ ਮੰਗਾਂ ਮੰਨੀਆਂ
ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਚੰਡੀਗੜ੍ਹ ਯੂਨੀਵਰਸਿਟੀ ਪ੍ਰਸ਼ਾਸਨ ਨੇ ਅੱਜ ਵਾਪਰੀ ਘਟਨਾ ਮਗਰੋਂ ਬਣੇ ਹਾਲਾਤ ਦੇ ਮੱਦੇਨਜ਼ਰ ਯੂਨੀਵਰਸਿਟੀ ’ਚ 19 ਤੇ 20 ਸਤੰਬਰ ਨੂੰ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ’ਚ ਛੁੱਟੀ ਰਹੇਗੀ। ਇਸ ਸਬੰਧੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰਐਸ ਬਾਵਾ ਨੇ ਪੱਤਰ ਜਾਰੀ ਕੀਤਾ ਗਿਆ ਹੈ। ਵਿਦਿਆਰਥਣਾਂ ਦੀ ਮੰਗ ਮੰਨਦਿਆਂ ਵੀਸੀ ਨੇ ਐਲਾਨ ਕੀਤਾ ਕਿ ਹੋਸਟਲ ’ਚ ਦਾਖ਼ਲ ਹੋਣ ਦਾ ਸ਼ਾਮ 7 ਵਜੇ ਤੋਂ ਵਧਾ ਕੇ ਦੇਰ ਸ਼ਾਮ 8.30 ਵਜੇ ਕਰ ਦਿੱਤਾ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਕਿਹਾ ਕਿ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੇ ਮਾਮਲੇ ਸਬੰਧੀ ਦਰਜ ਕੀਤੀ ਐੱਫਆਈਆਰ ਦੀ ਕਾਪੀ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।
ਸਾਡੀਆਂ ਭੈਣਾਂ ਨਾਲ ਖੜ੍ਹੇ ਹੋਣ ਦਾ ਸਮਾਂ: ਸੋਨੂ ਸੂਦ
ਨਵੀਂ ਦਿੱਲੀ: ਚੰਡੀਗੜ੍ਹ ਯੂਨੀਵਰਸਿਟੀ ’ਚ ਵਾਪਰੀ ਘਟਨਾ ਦੇ ਸਬੰਧ ਵਿੱਚ ਹੋਏ ਰੋਸ ਮੁਜ਼ਾਹਰਿਆਂ ਤੋਂ ਬਾਅਦ ਅਦਾਕਾਰ ਸੋਨੂ ਸੂਦ ਨੇ ਕਿਹਾ ਕਿ ਜੋ ਵੀ ਹੋਇਆ ਉਹ ਦੁੱਖ ਦੀ ਗੱਲ ਹੈ ਅਤੇ ਉਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਨਾਲ ਵਿਹਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ‘ਸਾਡੀਆਂ ਭੈਣਾਂ’ ਨਾਲ ਖੜ੍ਹੇ ਹੋਣ ਲਈ ਕਿਹਾ ਹੈ। ਉਨ੍ਹਾਂ ਟਵੀਟ ਕੀਤਾ, ‘ਚੰਡੀਗੜ੍ਹ ਯੂਨੀਵਰਸਿਟੀ ’ਚ ਹੋ ਕੁਝ ਹੋਇਆ ਉਹ ਬਹੁਤ ਮੰਦਭਾਗਾ ਹੈ। ਇਹ ਸਾਡੇ ਲਈ ਆਪਣੀਆਂ ਭੈਣਾਂ ਨਾਲ ਖੜ੍ਹੇ ਹੋਣ ਤੇ ਇੱਕ ਜ਼ਿੰਮੇਵਾਰ ਸਮਾਜ ਦੀ ਮਿਸਾਲ ਪੇਸ਼ ਕਰਨ ਦਾ ਸਮਾਂ ਹੈ। ਇਹ ਪੀੜਤਾਂ ਲਈ ਨਹੀਂ, ਸਾਡੇ ਲਈ ਪ੍ਰੀਖਿਆ ਦੀ ਘੜੀ ਹੈ। ਜ਼ਿੰਮੇਵਾਰ ਬਣੋ।’ -ਪੀਟੀਆਈ
ਮੁੱਖ ਮੰਤਰੀ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ
ਚੰਡੀਗੜ੍ਹ (ਟਨਸ): ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਵਾਪਰੀ ਘਟਨਾ ਨੂੰ ਮੰਦਭਾਗਾ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ, ‘ਧੀਆਂ ਸਾਡੀ ਇੱਜ਼ਤ, ਸ਼ਾਨ ਅਤੇ ਗੌਰਵ ਹਨ ਅਤੇ ਅਜਿਹੀ ਕੋਈ ਵੀ ਘਟਨਾ ਅਤਿ ਨਿੰਦਣਯੋਗ ਹੈ।’ ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਘਟਨਾ ਬਾਰੇ ਜਾਣ ਕੇ ਦੁਖੀ ਹਨ ਅਤੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਲਗਾਤਾਰ ਸੰਪਰਕ ਵਿੱਚ ਹਨ ਤੇ ਸਾਰੀ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਇਸੇ ਦੌਰਾਨ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸ਼ਾਂਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਕਸੂਰਵਾਰ ਬਖ਼ਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਸ ਇਸ ਘਟਨਾ ’ਚ ਸ਼ਾਮਲ ਵਿਅਕਤੀਆ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਕੌਮੀ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
ਨਵੀਂ ਦਿੱਲੀ: ਚੰਡੀਗੜ੍ਹ ਯੂਨੀਵਰਸਿਟੀ ’ਚ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਮਗਰੋਂ ਕੁਝ ਵਿਦਿਆਰਥਣਾਂ ਵੱਲੋਂ ਕਥਿਤ ਤੌਰ ’ਤੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦੇ ਸਬੰਧ ਵਿੱਚ ਕੌਮੀ ਮਹਿਲਾ ਕਮਿਸ਼ਨ ਨੇ ਕੇਸ ਦਰਜ ਕਰਨ ਲਈ ਕਿਹਾ ਹੈ। ਕਮਿਸ਼ਨ ਨੇ ਕਿਹਾ ਕਿ ਕਈ ਮੀਡੀਆ ਰਿਪੋਰਟਾਂ ਤੇ ਟਵਿੱਟਰ ਪੋਸਟਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਹੋਸਟਲ ’ਚ ਰਹਿੰਦੀਆਂ ਕੁਝ ਲੜਕੀਆਂ ਦੇ ਵੀਡੀਓਜ਼ ਵਾਇਰਲ ਹੋਏ ਹਨ ਤੇ ਕੁਝ ਲੜਕੀਆਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪੰਜਾਬ ਦੇ ਡੀਜੀਪੀ ਨੂੰ ਤੁਰੰਤ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਤੇ ਮਾਮਲੇ ਨਾਲ ਸਖ਼ਤੀ ਨਾਲ ਨਜਿੱਠਣ ਲਈ ਕਿਹਾ ਹੈ। ਕਮਿਸ਼ਨ ਨੇ ਪੀੜਤ ਲੜਕੀਆਂ ਦੀ ਕੌਂਸਲਿੰਗ ਕਰਨ ਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਹੈ। ਮਹਿਲਾ ਕਮਿਸ਼ਨ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਲਿਖਿਆ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇ ਅਤੇ ਯੂਨੀਵਰਸਿਟੀ ਇਸ ਘਟਨਾ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੇ। ਕਮਿਸ਼ਨ ਨੇ ਨਾਲ ਹੀ ਪੰਜਾਬ ਰਾਜ ਮਹਿਲਾ ਕਮਿਸ਼ਨ ਨੂੰ ਵੀ ਤੁਰੰਤ ਘਟਨਾ ਦੇ ਤੱਥਾਂ ਦੀ ਪੜਤਾਲ ਕਰਨ ਤੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਪੰਜਾਬ ਪੁਲੀਸ ਇਸ ਘਟਨਾ ਦੀ ਪਾਰਦਰਸ਼ੀ ਢੰਗ ਨਾਲ ਜਾਂਚ ਕਰੇ। -ਪੀਟੀਆਈ