ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਅਗਸਤ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਇਤਿਹਾਸਕ ਜੱਲ੍ਹਿਆਂਵਾਲੇ ਬਾਗ ਦੀ ਫੋੋਟੋ ਗੈਲਰੀ ਵਿਚ ਲੱਗੀ ਊਧਮ ਸਿੰਘ ਦੀ ਤਸਵੀਰ ਵਿੱਚ ਉਸ ਦੇ ਨਾਂ ਹੇਠ ‘ਸ਼ਹੀਦ’ ਸ਼ਬਦ ਨਾ ਲਿਖੇ ਜਾਣ ’ਤੇ ਇਤਰਾਜ਼ ਪ੍ਰਗਟ ਕੀਤਾ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਆਖਿਆ ਕਿ ਉਸ ਨੇ ਜੱਲ੍ਹਿਆਂਵਾਲਾ ਬਾਗ ਦੌਰਾ ਕਰਨ ਸਮੇਂ ਦੇਖਿਆ ਕਿ ਇੱਥੇ ਫੋਟੋ ਗੈਲਰੀ ’ਚ ਸ਼ਹੀਦ ਊਧਮ ਸਿੰਘ ਦੀ ਇਕ ਤਸਵੀਰ ਲਾਈ ਗਈ ਹੈ ਪਰ ਇਸ ਤਸਵੀਰ ’ਤੇ ‘ਸ਼ਹੀਦ’ ਸ਼ਬਦ ਨਹੀਂ ਲਿਖਿਆ ਹੋਇਆ ਹੈ, ਜੋ ਕਿ ਨਿੰਦਣਯੋਗ ਹੈ। ਇਸ ਮਹਾਨ ਇਨਕਲਾਬੀ ਨੇ ਜੱਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦਾ ਬਦਲਾ ਲੰਡਨ ਦੀ ਧਰਤੀ ’ਤੇ ਜਾ ਕੇ ਲਿਆ ਸੀ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਪੰਜਾਬ ਤੇ ਕੇਂਦਰ ਦੀ ਸਰਕਾਰ ਨੇ ਜੱਲ੍ਹਿਆਂਵਾਲੇ ਬਾਗ਼ ਦੀ ਫੋਟੋ ਗੈਲਰੀ ਵਿੱਚ ਜੋ ਊਧਮ ਸਿੰਘ ਦੀ ਫੋਟੋ ਲਗਾਈ ਹੈ, ਉਸ ਦੇ ਹੇਠਾਂ ਉਸ ਦੇ ਨਾਂ ਨਾਲ ‘ਸ਼ਹੀਦ’ ਨਹੀਂ ਲਿਖਿਆ ਹੈ ਜੋ ਸ਼ਹੀਦ ਦਾ ਅਪਮਾਨ ਹੈ। ਇਸ ਤੋਂ ਇਲਾਵਾ ਸਮਾਰਕ ਵਿਚੋਂ ਉਸ ਦਾ ਬੁੱਤ ਵੀ ਹਟਾ ਦਿੱਤਾ ਹੈ। ਉਹ ਵੀ ਸ਼ਹੀਦ ਦਾ ਅਪਮਾਨ ਹੈ। ਉਨ੍ਹਾਂ ਆਖਿਆ ਕਿ ਇਸੇ ਤਰ੍ਹਾਂ ਸ਼ਹੀਦ ਗੁਰਮੁੱਖ ਸਿੰੰਘ ਸੁਨਾਮ ਨੂੰ ਵੀ ਕਿਸੇ ਸਰਕਾਰ ਨੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹੈ ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਪਹਿਲੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਯਾਦਗਾਰ ਬਨਾਉਣ ਦਾ ਵਾਅਦਾ ਵੀ ਸਰਕਾਰ ਨੇ ਪੂਰਾ ਨਹੀਂ ਹੋਇਆ। ਉਸ ਦਾ ਘਰ ਦੇਖਦਿਆਂ ਦੇਖਦਿਆਂ ਖੰਡਰ ਬਣ ਗਿਆ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਊਧਮ ਸਿੰਘ ਦੀ ਤਸਵੀਰ ਦੇ ਹੇਠਾਂ ਉਸ ਦੇ ਨਾਂ ਨਾਲ ਸ਼ਹੀਦ ਸ਼ਬਦ ਲਿਖਿਆ ਜਾਵੇ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਦੇ ਘਰ ’ਚ ਉਨ੍ਹਾਂ ਦੀ ਯਾਦਗਾਰ ਉਸਾਰੀ ਜਾਵੇ।
ਸ਼ਹੀਦਾਂ ਦੇ ਪਰਿਵਾਰਾਂ ਨੇ ਜਤਾਇਆ ਰੋਸ
ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਕੁਝ ਮੈਂਬਰਾਂ ਨੇ ਇੱਥੇ ਮੌਨ ਧਾਰਨ ਕਰਕੇ ਇਸ ਦੇ ਪੁਰਾਤਨ ਸਰੂਪ ਨੂੰ ਬਦਲਣ ਖ਼ਿਲਾਫ਼ ਰੋਸ ਦਰਜ ਕਰਾਇਆ ਹੈ। ਸ਼ਹੀਦ ਪਰਿਵਾਰ ਦੇ ਮੈਂਬਰ ਸੁਨੀਲ ਕਪੂਰ ਤੇ ਹੋਰਨਾਂ ਨੇ ਆਖਿਆ ਕਿ ਯਾਦਗਾਰ ਦਾ ਪੁਰਾਤਨ ਸਰੂਪ ਬਦਲ ਦਿੱਤਾ ਗਿਆ ਹੈ। ਉਹ ਤੰਗ ਗਲੀ ਜਿਸ ਰਾਹੀਂ ਅੰਗਰੇਜ਼ ਸੈਨਿਕ ਅੰਦਰ ਆਏ ਸਨ, ਦੀਆਂ ਕੰਧਾ ਦੇ ਦੋਵੇਂ ਪਾਸੇ ਉਭਰੀਆਂ ਹੋਈਆਂ ਤਸਵੀਰਾਂ ਬਣਾ ਦਿੱਤੀਆਂ ਗਈਆਂ ਹਨ, ਜਿਸ ਕਾਰਨ ਇਹ ਇਕ ਸੈਰਗਾਹ ਦਾ ਪ੍ਰਵੇਸ਼ ਦੁਆਰ ਲਗਦਾ ਹੈ। ਸ਼ਹੀਦੀ ਖੂਹ ਦੀ ਪੁਰਾਣੀ ਬਾਹਰੀ ਦਿਖ ਵੀ ਬਦਲ ਕੇ ਇਸ ਦੇ ਆਲੇ ਦੁਆਲੇ ਸ਼ੀਸ਼ਾ ਲਾ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਹੁਣ ਤਕ ਬਣਦਾ ਸਨਮਾਨ ਨਹੀਂ ਦਿੱਤਾ ਗਿਆ। ਸ਼ਹੀਦ ਪਰਿਵਾਰ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਤਾਮਰ ਪੱਤਰ ਦਿੱਤੇ ਜਾਣ ਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ।