ਖਰੜ (ਪੱਤਰ ਪ੍ਰੇਰਕ): ਕਰੋਨਾ ਯੋਧਿਆਂ ਦੇ ਪਰਿਵਾਰਾਂ ਨੇ ਅੱਜ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਿਹਾਇਸ਼ ਅੱਗੇ ਪੱਕਾ ਮੋਰਚਾ ਲਾਇਆ ਹੈ। ਇਸ ਦੌਰਾਨ ਖਰੜ-ਲੁਧਿਆਣਾ ਰੋਡ ਜਾਮ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ, ਫਰੀਦਕੋਟ, ਅੰਮ੍ਰਿਤਸਰ ਵਿਚਲੇ ਨਰਸਿੰਗ/ ਪੈਰਾ ਮੈਡੀਕਲ ਅਤੇ ਦਰਜਾ ਚਾਰ (ਕਰੋਨਾ ਯੋਧੇ) ਮੁਲਾਜ਼ਮਾਂ ਵੱਲੋਂ ਸੇਵਾਵਾਂ ਨੂੰ ਵਿਸ਼ੇਸ਼ ਦਰਜੇ ਵਿੱਚ ਰੈਗੂਲਰ ਕਰਾਉਣ ਅਤੇ ਠੇਕੇਦਾਰੀ ਸਿਸਟਮ ਖਤਮ ਕਰਾਉਣ ਲਈ 26 ਨਵੰਬਰ ਤੋਂ ਸ਼ੁਰੂ ਪੱਕਾ ਮੋਰਚਾ ਰਜਿੰਦਰਾ ਹਸਪਤਾਲ ਪਟਿਆਲਾ ਦੀ ਕਾਰ ਪਾਰਕਿੰਗ ਵਿੱਚ 24ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਮੌਕੇ ਉਗਰਾਹਾਂ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਉਹ ਕਰੋਨਾ ਯੋਧਿਆਂ ਦਾ ਉਦੋਂ ਤੱਕ ਪੂਰਾ ਸਾਥ ਦੇਣਗੇ ਜਦੋਂ ਤੱਕ ਉਨ੍ਹਾਂ ਨੂੰ ਪੱਕੇ ਤੌਰ ’ਤੇ ਨੌਕਰੀ ’ਤੇ ਬਹਾਲ ਨਹੀਂ ਕੀਤਾ ਜਾਂਦਾ।