ਗੁਰਮੀਤ ਸਿੰਘ ਖੋਸਲਾ
ਸ਼ਾਹਕੋਟ, 27 ਸਤੰਬਰ
ਇੱਥੇ ਅੱਜ ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਮੱਲੀਆਂ ਕਲਾਂ, ਉੱਗੀ, ਤਲਵੰਡੀ ਮਾਧੋ, ਪਰਜੀਆਂ ਕਲਾਂ, ਮਹਿਤਪੁਰ,ਲਸੂੜੀ ਅਤੇ ਪੂੰਨੀਆਂ ਦੇ ਬਾਜ਼ਾਰ ਮੁਕੰਲ ਬੰਦ ਰਹੇ। ਕਿਸਾਨ ਜਥੇਬੰਦੀਆਂ ਨੇ ਕਈ ਸਰਕਾਰੀ ਤੇ ਨਿਜੀ ਸਕੂਲ ਵੀ ਬੰਦ ਕਰਵਾਏ। ਇੱਥੋ ਦੇ ਇਕ ਨਿਜੀ ਸਕੂਲ ਨੂੰ ਬੰਦ ਕਰਵਾਉਣ ਮੌਕੇ ਕਿਸਾਨਾਂ ਦੀ ਸਕੂਲ ਪ੍ਰਿੰਸੀਪਲ ਨਾਲ ਗਰਮੋ ਗਰਮੀ ਵੀ ਹੋ ਗਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਮੋਹਨ ਸਿੰਘ ਬੱਲ ਹਾਜ਼ਰ ਸਨ।
ਪੱਟੀ (ਬੇਅੰਤ ਸਿੰਘ ਸੰਧੂ): ਇੱਥੇ ਅੱਜ ਇਲਾਕਾ ਪੂਰੀ ਤਰ੍ਹਾਂ ਬੰਦ ਰਿਹਾ। ਅੱਜ ਦੇ ਬੰਦ ਮੌਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇੰਦਰਜੀਤ ਸਿੰਘ ਕੋਟਬੁੱਢਾ ਦੀ ਅਗਵਾਈ ਹੇਠ ਫਿਰੋਜ਼ਪੁਰ ਰੋਡ ਤੇ ਸਥਿਤ ਭਓਵਾਲ ਪੁਲ ਉੱਪਰ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਮਹਾਂਬੀਰ ਸਿੰਘ ਗਿੱਲ ਵੱਲੋਂ ਪੱਟੀ ਮੌੜ ਚੂਸਲੇਵੜ ਸਥਿਤ ਸੜਕਾਂ ਜਾਮ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਫਗਵਾੜਾ (ਜਸਬੀਰ ਸਿੰਘ ਚਾਨਾ): ਭਾਰਤ ਬੰਦ ਨੂੰ ਫਗਵਾੜਾ ਵਿੱਖੇ ਭਰਵਾਂ ਹੁੰਗਾਰਾ ਮਿਲਿਆ ਤੇ ਸ਼ਹਿਰ ਪੂਰੀ ਤਰ੍ਹਾਂ ਬੰਦ ਰਿਹਾ ਤੇ ਬਾਜ਼ਾਰਾ ’ਚ ਪੂਰੀ ਤਰ੍ਹਾਂ ਸੁੰਨਾਟਾ ਛਾਇਆ ਰਿਹਾ। ਅੱਜ ਸਵੇਰ ਤੋਂ ਹੀ ਸ਼ੂਗਰ ਮਿੱਲ ਚੌਕ ਵਿੱੱਚ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਵੱਲੋਂ ਦਿੱਤੇ ਜਾ ਰਹੇ ਧਰਨੇ ’ਚ ਕਿਸਾਨ ਇਕੱਠੇ ਹੋਣੇ ਸ਼ੁਰੂ ਹੋਏ ਤੇ ਪਹਿਲਾਂ ਕਿਸਾਨ ਗੱਡੀ ’ਚ ਸਵਾਰ ਹੋ ਕੇ ਹਰਗੋਬਿੰਦ ਨਗਰ ਤੋਂ ਹੁੰਦੇ ਹੋਏ ਬੰਗਾ ਰੋਡ, ਬਾਂਸਾ ਬਾਜ਼ਾਰ, ਗਊਸ਼ਾਲਾ ਰੋਡ, ਸਰਾਏ ਰੋਡ, ਬੱਸ ਸਟੈਂਡ ਤੇ ਹੋਰ ਬਾਜ਼ਾਰ ਰਾਹੀਂ ਹੁੰਦੇ ਹੋਏ ਵਾਪਸੀ ਸ਼ੂਗਰ ਮਿੱਲ ਚੌਕ ਵਿੱੱਚ ਪੁੱਜੇ।
ਕਾਦੀਆਂ (ਮਕਬੂਲ ਅਹਿਮਦ): ਇੱਥੇ ਅੱਜ ਕਾਦੀਆਂ ਵਿੱਚ ਮੁਕੰਮਲ ਬੰਦ ਰਿਹਾ। ਕਾਦੀਆਂ ਅਤੇ ਆਲੇ ਦੁਆਲੇ ਦੇ ਇਲਾਕਿਆਂ ਚ ਕਿਸਾਨਾਂ ਨੇ ਧਰਨੇ ਲਗਾਏ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਧਰਨੇ ਲਗਾਏ ਗਏ। ਕਿਸਾਨਾਂ ਨੇ ਸ਼ਹਿਰ ਵਿੱਚ ਧਾਰਾ 144 ਲਾਉਣ ਦੀ ਨਿਖੇਧੀ ਕੀਤੀ।
ਨਵਾਂ ਸ਼ਹਿਰ (ਲਾਜਵੰਤ ਸਿੰਘ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਕਿਸਾਨ ਜਥੇਬੰਦੀਆਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਲੰਗੜੋਆ ਬਾਈਪਾਸ ਉੱਤੇ ਜ਼ਿਲ੍ਹਾ ਪੱਧਰੀ ਜਾਮ ਲਾਇਆ ਗਿਆ ਜੋ ਵਿਸ਼ਾਲ ਰੈਲੀ ਦਾ ਰੂਪ ਧਾਰ ਗਿਆ। ਇਸ ਦੌਰਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਮੁਕੰਮਲ ਬੰਦ ਰਿਹਾ ਅਤੇ ਜ਼ਿਲ੍ਹੇ ਦੇ ਸ਼ਹਿਰ ਨਵਾਂਸ਼ਹਿਰ, ਬੰਗਾ, ਬਲਾਚੌਰ, ਰਾਹੋਂ ਤੋਂ ਇਲਾਵਾ ਜ਼ਿਲ੍ਹੇ ਦੇ ਕਸਬੇ ਵੀ ਬੰਦ ਰਹੇ।
ਰਈਆ (ਦਵਿੰਦਰ ਸਿੰਘ ਭੰਗੂ): ਅੱਜ ਭਾਰਤ ਬੰਦ ਦੇ ਸੱਦੇ ’ਤੇ ਜੀਟੀ ਰੋਡ ਰਈਆ ਅਤੇ ਜਲੰਧਰ ਬਟਾਲਾ ਰੋਡ ਤੇ ਕਿਸਾਨਾਂ ਨੇ ਆਵਾਜਾਈ ਰੋਕੀ ਅਤੇ ਸਥਾਨਕ ਕਸਬੇ ਤੋ ਇਲਾਵਾ ਬਾਬਾ ਬਕਾਲਾ , ਬਿਆਸ ,ਬਾਬਾ ਬਕਾਲਾ,ਸਠਿਆਲਾ, ਬੁਤਾਲਾ, ਮਹਿਤਾ ਖਿਲਚੀਆ ਅਤੇ ਟਾਂਗਰਾ ਕਸਬਿਆਂ ਦੇ ਬਜ਼ਾਰ ਮੁਕੰਮਲ ਬੰਦ ਰਹੇ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਇੱਥੇ ਅੱਜ ਸ਼ਹਿਰ ਵਿੱਚ ਬਾਜ਼ਾਰ ਤੇ ਹੋਰ ਕਾਰੋਬਾਰੀ ਅਦਾਰੇ ਮੁਕੰਮਲ ਬੰਦ ਰਹੇ।
ਗੁਰਾਇਆ (ਨਰਿੰਦਰ ਸਿੰਘ ): ਇੱਥੇ ਅੱਜ ਆਸਪਾਸ ਇਲਾਕਾ ਮੁਕੰਮਲ ਬੰਦ ਰਿਹਾ। ਹਾਈਵੇਅ ’ਤੇ ਆਵਾਜਾਈ ਬਿਲਕੁਲ ਨਹੀਂ ਸੀ। ਪਿੰਡ ਦੁਸਾਂਝ ਕਲਾਂ ਵੀ ਮੁਕੰਮਲ ਬੰਦ ਰਿਹਾ।
ਗੜ੍ਹਸ਼ੰਕਰ (ਜੁਗਿੰਦਰ ਸਿੰਘ): ਇੱਥੇ ਕੁਲਹਿੰਦ ਕਿਸਾਨ ਸਭਾ,ਕਿਰਤੀ ਕਿਸਾਨ ਯੂਨੀਅਨ, ਸ਼ੇਰੇ ਪੰਜਾਬ ਦੋਆਬਾ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਤੇ ਹੋਰ ਜਥੇਬੰਦੀਆਂ ਨੇ ਸਥਾਨਕ ਬੰਗਾ ਚੌਕ ਵਿੱਚ ਸਾਰੇ ਰਸਤੇ ਬੰਦ ਕਰਕੇ ਭਾਰਤ ਬੰਦ ਨੂੰ ਸਫਲ ਬਣਾਇਆ।
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਇੱਥੇ ਸ੍ਰੀ ਹਰਗੋਬਿੰਦਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ,ਭਾਰਤੀ ਕਿਸਾਨ ਯੂਨੀਅਨ ਕਾਂਤੀਕਾਰੀ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਸਾਂਝੇ ਤੌਰ ਤੇ ਲਾਈਟਾਂ ਵਾਲੇ ਚੌਕ ਵਿੱਚ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਧਰਨਾ ਦਿੱਤਾ ਅਤੇ ਮੁਕੰਮਲ ਜਾਮ ਕੀਤਾ ਗਿਆ।
ਸ਼ਰਾਬ ਦੇ ਠੇਕੇ ’ਤੇ ਭਾਰਤ ਬੰਦ ਦਾ ਨਾ ਪਿਆ ਕੋਈ ਅਸਰ
ਤਰਨ ਤਾਰਨ (ਪੱਤਰ ਪ੍ਰੇਰਕ): ਕਿਸਾਨ ਜਥੇਬੰਦੀਆਂ ਦੇ ਭਾਰਤ ਬੰਦ ਦਾ ਸਮਰਥਨ ਕਰਦਿਆਂ ਭਾਵੇਂ ਦਿਹਾੜੀਦਾਰ ਮਜਦੂਰਾਂ, ਹਲਵਾਈਆਂ, ਦਰਜੀਆਂ, ਮੋਚੀਆਂ ਆਦਿ ਨੇ ਭਰਵਾਂ ਸਮਰਥਨ ਦਿੱਤਾ ਪਰ ਤਰਨ ਤਾਰਨ ਦੀ ਅੰਮ੍ਰਿਤਸਰ ਸੜਕ ’ਤੇ ਇਕ ਸ਼ਰਾਬ ਦਾ ਠੇਕਾ ਸਦਾਚਾਰ ਦੇ ਸਾਰੇ ਨਿਯਮਾਂ ਨੂੰ ਸਿੱਕੇ ’ਤੇ ਟੰਗ ਕੇ ਖੁੱਲ੍ਹਾ ਰਿਹਾ| ਤਰਨ ਤਾਰਨ ਦੇ ਬੱਸ ਅੱਡੇ ਨੇੜੇ ਵੀ ਸ਼ਰਾਬ ਦੇ ਠੇਕੇ ਦਾ ਕਰਿੰਦਾ ਆਉਣ ਜਾਣ ਵਾਲਿਆਂ ਨੂੰ ਨਿਰਾਸ਼ ਨਹੀਂ ਸੀ ਜਾਣ ਦੇ ਰਿਹਾ|