ਸ਼ਸ਼ੀ ਪਾਲ ਜੈਨ
ਖਰੜ, 6 ਨਵੰਬਰ
ਸਿਹਤ ਵਿਭਾਗ ਅਧੀਨ ਪਿਛਲੇ 12-13 ਸਾਲਾਂ ਤੋਂ ਠੇਕੇ ਦੇ ਆਧਾਰ ’ਤੇ ਸੇਵਾਵਾਂ ਨਿਭਾ ਰਹੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਹਿਲਾਂ ਤੋਂ ਤੈਅ ਮੀਟਿੰਗ ਲਈ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਇਕੱਠੇ ਹੋਏ। ਪ੍ਰਸ਼ਾਸਨ ਵੱਲੋਂ ਐਨ ਮੌਕੇ ’ਤੇ ਮੀਟਿੰਗ ਕਰਵਾਉਣ ਤੋਂ ਨਾਂਹ ਕਰਨ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਤੇ ਮੁਲਾਜ਼ਮਾਂ ਵਿੱਚ ਰੋਸ ਫੈਲ ਗਿਆ ਅਤੇ 12-13 ਮੁਲਾਜ਼ਮ ਡਰੱਗ ਤੇ ਫੂਡ ਟੈਸਟਿੰਗ ਲੈਬਾਰਟਰੀ ਦੀ ਸੱਤਵੀਂ ਮੰਜ਼ਿਲ ’ਤੇ ਚੜ੍ਹ ਗਏ। ਨੈਸ਼ਨਲ ਹੈਲਥ ਮਿਸ਼ਨ ਐਂਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਇੰਦਰਜੀਤ ਰਾਣਾ ਨੇ ਕਿਹਾ ਕਿ ਛੱਤ ਉੱਤੇ ਚੜ੍ਹਨ ਵਾਲਿਆਂ ਵਿੱਚ 8 ਸਟਾਫ਼ ਨਰਸਾਂ, 3 ਕਮਿਊਨਿਟੀ ਹੈਲਥ ਅਫਸਰ ਅਤੇ ਇੱਕ ਆਯੁਰਵੈਦਿਕ ਮੈਡੀਕਲ ਅਫਸਰ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਲਗਪਗ 12000 ਸਿਹਤ ਕਰਮਚਾਰੀ, ਜਿਨ੍ਹਾਂ ’ਚ ਡਾਕਟਰ, ਸਟਾਫ ਨਰਸਾਂ, ਸੀਐੱਚਓ, ਟੀਬੀ ਵਿਭਾਗ ਦੇ ਕਰਮਚਾਰੀ, ਦਫਤਰੀ ਕਾਮੇ ਸ਼ਾਮਿਲ ਹਨ, ਪਿਛਲੇ ਪੰਦਰਾਂ ਸਾਲਾਂ ਤੋਂ ਠੇਕੇ ’ਤੇ ਨੌਕਰੀਆਂ ਕਰ ਰਹੇ ਹਨ। ਐਸੋਸੀਏਸ਼ਨ ਦੇ ਸੂਬਾ ਆਗੂਆਂ ਅਮਰਜੀਤ ਸਿੰਘ, ਅਰੁਣਦੱਤ, ਮਨਿੰਦਰ ਸਿੰਘ, ਡਾਕਟਰ ਵਾਹਿਦ, ਰਮਨਦੀਪ ਕੌਰ, ਜਸਵਿੰਦਰ ਕੌਰ, ਹਰਪਾਲ ਸਿੰਘ ਸੋਢੀ ਅਤੇ ਕਮਲਪ੍ਰੀਤ ਕੌਰ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਹੁਣ ਇਹ ਲੜਾਈ ਆਰ ਪਾਰ ਦੀ ਹੋਵੇਗੀ ਅਤੇ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਖਰੜ ਪ੍ਰਸ਼ਾਸਨ ਵੱਲੋਂ ਇਨ੍ਹਾਂ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ਾਂ ਜਾਰੀ ਹਨ ਅਤੇ 8 ਨਵੰਬਰ ਤੋਂ ਬਾਅਦ ਮੀਟਿੰਗ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ ਪਰ ਖ਼ਬਰ ਲਿਖੇ ਜਾਣ ਤੱਕ ਇਹ ਮੁਲਾਜ਼ਮ ਉੱਥੇ ਹੀ ਡਟੇ ਹੋਏ ਸਨ।