ਕੁਲਦੀਪ ਸਿੰਘ
ਚੰਡੀਗੜ੍ਹ, 2 ਅਗਸਤ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਵਾਅਦੇ ਮੁਤਾਬਕ 30 ਜੁਲਾਈ ਤੱਕ ਡਾਕਟਰਾਂ ਦੀ ਐੱਨਪੀਏ ਦਾ ਮਸਲਾ ਹੱਲ ਨਾ ਹੋਣ ਦੇ ਰੋਸ ਵਜੋਂ ਜੁਆਇੰਟ ਗੌਰਮਿੰਟ ਡਾਕਟਰਜ਼ ਕੋਆਰਡੀਨੇਸ਼ਨ ਦੇ ਸੱਦੇ ’ਤੇ ਡਾਕਟਰਾਂ ਨੇ ਅੱਜ ਸਰਕਾਰੀ ਹਸਪਤਾਲਾਂ ਵਿੱਚ ਓਪੀਡੀਜ਼ ਬੰਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮੁਹਾਲੀ ਦੇ ਫੇਜ਼-ਛੇ ਵਿੱਚ ਕੀਤੇ ਗਏ ਰੋਸ ਮਾਰਚ ਦੌਰਾਨ ਸਿਹਤ ਮੰਤਰੀ ਨੇ ਗੁਰਦੁਆਰੇ ਅੱਗੇ ਖੜ੍ਹੇ ਹੋ ਕੇ 30 ਜੁਲਾਈ ਤੱਕ ਉਨ੍ਹਾਂ ਦਾ ਮਸਲਾ ਹੱਲ ਕਰਵਾਉਣ ਦਾ ਵਾਅਦਾ ਕੀਤਾ ਸੀ। ਇਸ ਤੋਂ ਪਹਿਲਾਂ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਬ੍ਰਹਮ ਮਹਿੰਦਰਾ ਵੀ 19 ਜੁਲਾਈ ਤੱਕ ਮਸਲਾ ਹੱਲ ਕਰਵਾਉਣ ਦਾ ਵਾਅਦਾ ਕਰ ਚੁੱਕੇ ਸਨ ਪਰ ਦੋਵੇਂ ਵਾਅਦੇ ਵਫ਼ਾ ਨਾ ਹੋਣ ਕਾਰਨ ਡਾਕਟਰਾਂ ਵਿੱਚ ਰੋਸ ਹੈ।
ਕੋਆਰਡੀਨੇਸ਼ਨ ਕਮੇਟੀ ਦੇ ਆਗੂਆਂ ਡਾ. ਗਗਨਦੀਪ ਸਿੰਘ, ਡਾ. ਸਰਬਜੀਤ ਸਿੰਘ ਰੰਧਾਵਾ, ਡਾ. ਗਗਨਦੀਪ ਸਿੰਘ ਸ਼ੇਰਗਿੱਲ, ਡਾ. ਪਵਨਪ੍ਰੀਤ ਕੌਰ ਅਤੇ ਡਾ. ਸੰਜੀਵ ਪਾਠਕ ਨੇ ਦੱਸਿਆ ਕਿ ਕਮੇਟੀ ਨੇ ਅੱਜ ਦੋ ਅਗਸਤ ਤੋਂ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀਜ਼ ਅਤੇ ਜ਼ਿਲ੍ਹਾ ਪੱਧਰੀ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਦਫ਼ਤਰਾਂ ਦਾ ਕੰਮ ਮੁਕੰਮਲ ਤੌਰ ’ਤੇ ਠੱਪ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਡਾਕਟਰਾਂ ਨੇ ਅੱਜ ਸਿਹਤ ਅਤੇ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਦਫ਼ਤਰਾਂ ਅੱਗੇ ਧਰਨੇ ਦਿੱਤੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਐਮਰਜੈਂਸੀ ਤੇ ਕੋਵਿਡ ਸਬੰਧੀ ਸੇਵਾਵਾਂ ਰਹਿਣਗੀਆਂ ਜਾਰੀ
ਕੋਆਰਡੀਨੇਸ਼ਨ ਕਮੇਟੀ ਦੇ ਕਨਵੀਨਰ ਡਾ. ਇੰਦਰਵੀਰ ਸਿੰਘ ਗਿੱਲ ਅਤੇ ਪ੍ਰਧਾਨ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਹਸਪਤਾਲਾਂ ਵਿੱਚ ਸਰਕਾਰੀ ਓਪੀਡੀਜ਼ ਬੰਦ ਕਰ ਕੇ ਡਾਕਟਰਾਂ ਵੱਲੋਂ ਆਪਣੇ ਖਰਚੇ ’ਤੇ ਸਮਾਨੰਤਰ ਓਪੀਡੀਜ਼ ਚਲਾਈਆਂ ਜਾ ਰਹੀਆਂ ਸਨ ਪਰ ਹੁਣ ਇਹ ਸਮਾਨੰਤਰ ਓਪੀਡੀਜ਼ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਐਮਰਜੈਂਸੀ, ਕੋਵਿਡ, ਮੈਡੀਕੋ, ਵੈਟਰੋ-ਲੀਗਲ ਅਤੇ ਪੋਸਟਮਾਰਟਮ ਆਦਿ ਸਬੰਧੀ ਸੇਵਾਵਾਂ ਜਾਰੀ ਰਹਿਣਗੀਆਂ।