ਦਵਿੰਦਰ ਪਾਲ
ਚੰਡੀਗੜ੍ਹ, 5 ਅਗਸਤ
ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀਈਓ) ਡਾ. ਐੱਸ. ਕਰੁਣਾ ਰਾਜੂ ਨੇ ਯੋਗ ਵੋਟਰਾਂ ਲਈ ਫੋਟੋ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਦੱਸਿਆ ਕਿ 18 ਸਾਲ ਦੀ ਉਮਰ ਮੁਕੰਮਲ ਹੋਣ ’ਤੇ ਨੌਜਵਾਨਾਂ ਨੂੰ ਸਾਲ ਵਿੱਚ ਚਾਰ ਮੌਕੇ ਵੋਟ ਬਣਾਉਣ ਲਈ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਸਾਲ ਵਿੱਚ ਇੱਕੋ ਵਾਰ ਪਹਿਲੀ ਜਨਵਰੀ ਨੂੰ ਹੀ 18 ਸਾਲ ਦੀ ਉਮਰ ਮੁਕੰਮਲ ਹੋਣ ’ਤੇ ਵੋਟ ਬਣਾ ਸਕਦੇ ਸਨ। ਡਾ. ਰਾਜੂ ਨੇ ਦੱਸਿਆ ਕਿ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 14 ਅਤੇ ਰਜਿਸਟ੍ਰੇਸ਼ਨ ਆਫ ਇਲੈਕਟਰਸ ਰੂਲਜ਼, 1960 ਵਿੱਚ ਕੀਤੀ ਸੋਧ ਅਨੁਸਾਰ ਇਸੇ ਸਾਲ ਪਹਿਲੀ ਅਗਸਤ ਤੋਂ ਚਾਰ ਯੋਗਤਾ ਮਿਤੀਆਂ ਪਹਿਲੀ ਜਨਵਰੀ, ਪਹਿਲੀ ਅਪਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਹ ਮਿਤੀਆਂ ਇਸੇ ਸਾਲ 9 ਨਵੰਬਰ ਤੋਂ ਸੁਧਾਈ ਸਬੰਧੀ ਗਤੀਵਿਧੀਆਂ ਦੀ ਸ਼ੁਰੂਆਤ ਤੋਂ ਲਾਗੂ ਹੋਣਗੀਆਂ। ਸੀਈਓ ਪੰਜਾਬ ਨੇ ਦੱਸਿਆ ਕਿ ਸਵੈ-ਇੱਛਤ ਆਧਾਰ ’ਤੇ ਰਜਿਸਟਰਡ ਵੋਟਰਾਂ ਦੇ ਆਧਾਰ ਨੰਬਰ ਇਕੱਤਰ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਆਧਾਰ ਕਾਰਡ ਨੰਬਰਾਂ ਦੀ ਸਵੈ-ਇੱਛਤ ਇਕੱਤਰਤਾ ਦੇ ਮੰਤਵ ਲਈ ਫਾਰਮ 6-ਬੀ ਜਾਰੀ ਕੀਤਾ ਗਿਆ ਹੈ। ਵੋਟਰ ਆਨਲਾਈਨ/ਆਫਲਾਈਨ ਮੋਡ ਰਾਹੀਂ ਫਾਰਮ ਜਮ੍ਹਾਂ ਕਰਾ ਸਕਦੇ ਹਨ, ਹਾਲਾਂਕਿ, ਆਨਲਾਈਨ ਮੋਡ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 9 ਨਵੰਬਰ ਤੋਂ 8 ਦਸੰਬਰ ਤੱਕ ਸੋਧ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਅਤੇ ਇਸ ਸਮੇਂ ਦੌਰਾਨ ਨਾਗਰਿਕਾਂ ਨੂੰ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਮਿਲੇਗਾ। ਸੀਈਓ ਪੰਜਾਬ ਨੇ ਦੱਸਿਆ ਕਿ ਵੋਟਾਂ ਬਣਾਉਣ ਲਈ 19 ਅਤੇ 20 ਨਵੰਬਰ ਅਤੇ 3 ਅਤੇ 4 ਦਸੰਬਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ।