ਚੰਡੀਗੜ੍ਹ 10 ਅਕਤੂਬਰ
ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਜਤਿੰਦਰ ਕੌਰ ਨੂੰ ਮੁੰਬਈ ਹਵਾਈ ਅੱਡੇ ਤੋਂ ਫੜੇ ਜਾਣ ਦੇ ਇਕ ਦਿਨ ਬਾਅਦ ਪੰਜਾਬ ਪੁਲੀਸ ਨੇ ਕਿਹਾ ਹੈ ਕਿ ਗੈਂਗਸਟਰ ਦੇ ਮੁਲਕ ਛੱਡ ਕੇ ਭੱਜਣ ਦਾ ਕੋਈ ਸਬੂਤ ਨਹੀਂ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਪੁਲੀਸ ਦੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਟੀਨੂ ਦੀ ਪ੍ਰੇਮਿਕਾ ਤੋਂ ਪੁੱਛ-ਗਿੱਛ ਨਾਲ ਕਈ ਰਾਜ਼ ਖੁੱਲ੍ਹਣਗੇ। ਉਨ੍ਹਾਂ ਆਸ ਜਤਾਈ ਕਿ ਗੈਂਗਸਟਰ ਨੂੰ ਛੇਤੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ੀਰਕਪੁਰ ’ਚ ਰਹਿਣ ਵਾਲੀ ਮਹਿਲਾ ਅਤੇ ਟੀਨੂ ਇਕੱਠੇ ਹੀ ਭੱਜੇ ਸਨ। ਟੀਨੂ ਦੀ ਪ੍ਰੇਮਿਕਾ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਐਤਵਾਰ ਨੂੰ ਮੁੰਬਈ ਹਵਾਈ ਅੱਡੇ ਤੋਂ ਉਸ ਸਮੇਂ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਮਾਲਦੀਵ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ। ਆਈਜੀ ਨੇ ਕਿਹਾ ਕਿ ਉਸ ਨੇ ਮੇਕਅੱਪ ਆਰਟਿਸਟ ਦਾ ਕੋਰਸ ਕੀਤਾ ਹੋਇਆ ਹੈ ਅਤੇ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ ਕਿ ਉਹ ਪੰਜਾਬ ਪੁਲੀਸ ਦੀ ਮੁਲਾਜ਼ਮ ਹੈ। ਸ੍ਰੀ ਗਿੱਲ ਨੇ ਕਿਹਾ ਕਿ ਟੀਨੂ ਨੇ ਆਪਣੀ ਪ੍ਰੇਮਿਕਾ ਨਾਲ ਬਰਖਾਸਤ ਕੀਤੇ ਗਏ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ ਅਤੇ ਉਹ ਬਾਅਦ ’ਚ ਇਕ ਕਾਰ ਰਾਹੀਂ ਫਰਾਰ ਹੋ ਗਏ ਸਨ। -ਪੀਟੀਆਈ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਫਰਾਰ ਗੈਂਗਸਟਰ ਦੀਪਕ ਟੀਨੂ ਦੀ ਪ੍ਰੇਮਿਕਾ ਦਾ ਮਾਨਸਾ ਪੁਲੀਸ ਵੱਲੋਂ ਪੰਜ ਦਿਨ ਦਾ ਰਿਮਾਂਡ ਲੈਣ ਤੋਂ ਬਾਅਦ ਟੀਨੂ ਦੇ ਫਰਾਰ ਹੋਣ ਦਾ ਰਾਜ਼ ਛੇਤੀ ਸਾਹਮਣੇ ਆਉਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਪੁਲੀਸ ਵੱਲੋਂ ਉਸ ਦੀ ਪ੍ਰੇਮਿਕਾ ਜਤਿੰਦਰ ਕੌਰ ਪਾਸੋਂ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਜਤਿੰਦਰ ਕੌਰ ਨੂੰ ਐਤਵਾਰ ਨੂੰ ਮੁੰਬਈ ਦੇ ਹਵਾਈ ਅੱਡੇ ਤੋਂ ਫੜ ਕੇ ਮਾਨਸਾ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਭਾਵੇਂ ਦੀਪਕ ਟੀਨੂ ਦੇ ਵਿਦੇਸ਼ ਫਰਾਰ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਪਰ ਪੁਲੀਸ ਇਸ ਗੱਲ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਕਿ ਜਤਿੰਦਰ ਕੌਰ ਉਸ ਨੂੰ ਮਾਨਸਾ ਤੋਂ ਹਰਿਆਣਾ ਅਤੇ ਹੋਰ ਸੂਬਿਆਂ ਵਿਚੋਂ ਦੀ ਲੰਘਦੀ ਹੋਈ ਮੁੰਬਈ ਹਵਾਈ ਅੱਡੇ ਤੱਕ ਕਿਵੇਂ ਪਹੁੰਚੀ। ਪੁਲੀਸ ਨੂੰ ਸ਼ੱਕ ਹੈ ਕਿ ਜਤਿੰਦਰ ਕੌਰ ਹੀ ਟੀਨੂ ਨੂੰ ਹਵਾਈ ਅੱਡੇ ਤੱਕ ਛੱਡਣ ਲਈ ਆਈ ਸੀ। ਉਂਜ ਪੁਲੀਸ ਦੇ ਇੱਕ ਅਧਿਕਾਰੀ ਨੇ ਮੰਨਿਆ ਹੈ ਕਿ ਜਤਿੰਦਰ ਕੌਰ ਖੁਦ ਮਾਲਦੀਵ ਜਾਣ ਦੀ ਤਿਆਰੀ ਵਿੱਚ ਸੀ।
ਇਹ ਲੜਕੀ ਲੁਧਿਆਣਾ ਜ਼ਿਲ੍ਹੇ ਦੇ ਖਡੂਰ ਪਿੰਡ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਮਾਨਸਾ ਪੁਲੀਸ ਨੂੰ ਉਸ ਦੇ ਘਰ ਛਾਪਾ ਮਾਰਨ ਤੋਂ ਬਾਅਦ ਪਤਾ ਲੱਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਘਰ ਨਹੀਂ ਆਈ ਸੀ, ਪਰ ਉਸ ਨੇ ਪੁਲੀਸ ਕੋਲ ਇਹ ਇਕਬਾਲ ਕੀਤਾ ਹੈ ਕਿ ਟੀਨੂ ਦੇ ਫਰਾਰ ਹੋਣ ਦੀ ਯੋਜਨਾ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਹੀ ਤਿਆਰ ਹੋ ਗਈ ਸੀ।
ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਵੱਲੋਂ ਦੀਪਕ ਟੀਨੂ ਨੂੰ ਬਿਨਾਂ ਹੱਥਕੜੀ ਸੀਆਈਏ ਥਾਣੇ ’ਚੋਂ ਬਾਹਰ ਕੱਢਣ ਅਤੇ ਉਸ ਤੋਂ ਬਾਅਦ ਜਤਿੰਦਰ ਕੌਰ ਨਾਲ ਮਿਲਾਉਣ ਦਾ ਸਾਰਾ ਮਾਮਲਾ ਹੁਣ ਪੁੱਛ-ਪੜਤਾਲ ਦਾ ਹਿੱਸਾ ਬਣ ਗਿਆ ਹੈ। ਪੁਲੀਸ ਵੱਲੋਂ ਪ੍ਰਿਤਪਾਲ ਸਿੰਘ ਅਤੇ ਜਤਿੰਦਰ ਕੌਰ ਨੂੰ ਆਹਮੋ-ਸਾਹਮਣੇ ਬਿਠਾ ਕੇ ਭਲਕੇ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਪ੍ਰਿਤਪਾਲ ਸਿੰਘ ਦਾ 12 ਅਕਤੂਬਰ ਨੂੰ ਰਿਮਾਂਡ ਖ਼ਤਮ ਹੋਣ ਮਗਰੋਂ ਉਸ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਅਤੇ ਏਜੀਟੀਐੱਫ ਦੀ ਟੀਮ ਦੀਪਕ ਟੀਨੂ ਦੇ ਫਰਾਰ ਹੋਣ ਤੱਕ ਦੀ ਅਸਲ ਕਹਾਣੀ ਦੀਆਂ ਜੜ੍ਹਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਸ ਸਬੰਧੀ ਅੱਜ ਕਈ ਟੀਮਾਂ ਨੂੰ ਵੱਖ ਵੱਖ ਥਾਵਾਂ ’ਤੇ ਭੇਜਿਆ ਗਿਆ ਹੈ ਅਤੇ ਛੇਤੀ ਹੀ ਪੰਜਾਬ ਪੁਲੀਸ ਨੂੰ ਸਫ਼ਲਤਾ ਮਿਲਣ ਦੀ ਉਮੀਦ ਹੈ।
ਵੱਡੇ ਅਫ਼ਸਰਾਂ ਦੀ ਆ ਸਕਦੀ ਹੈ ਸ਼ਾਮਤ
ਮਾਨਸਾ: ਗੈਂਗਸਟਰ ਦੀਪਕ ਟੀਨੂ ਦੇ ਫਰਾਰ ਹੋਣ ਦੇ ਮਾਮਲੇ ਵਿੱਚ ਹੁਣ ਵੱਡੇ ਅਫ਼ਸਰਾਂ ਉਤੇ ਗਾਜ਼ ਡਿੱਗ ਸਕਦੀ ਹੈ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਿਟ ਵੱਲੋਂ ਮਾਨਸਾ ਦੇ ਸੀਆਈਏ ਥਾਣੇ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਤੋਂ ਹੁਣ ਰਾਜਪੁਰਾ ’ਚ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਮਾਨਸਾ ਵਿਖੇ ਲੋਕਲ ਥਾਣਾ ਹੋਣ ਕਾਰਨ ਕਈ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਇੱਥੇ ਪੁੱਛ-ਪੜਤਾਲ ਕਰਨ ਤੋਂ ਟਾਲਾ ਵੱਟਣ ਲੱਗ ਪਈ ਸੀ। ਜਾਣਕਾਰੀ ਮੁਤਾਬਕ ਸਿਟ ਦੇ ਚੇਅਰਮੈਨ ਐੱਮ ਐੱਸ ਛੀਨਾ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਆਈਜੀ ਓਪਿੰਦਰਜੀਤ ਸਿੰਘ ਘੁੰਮਣ ਵੱਲੋਂ ਬੇਸ਼ੱਕ ਮਾਨਸਾ ’ਚ ਕੁੱਝ ਦਿਨ ਪਹਿਲਾਂ ਪ੍ਰਿਤਪਾਲ ਸਿੰਘ ਤੋਂ ਐੱਸਐੱਸਪੀ ਗੌਰਵ ਤੂਰਾ ਦੀ ਮੌਜੂਦਗੀ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ ਪਰ ਉਸ ਦੌਰਾਨ ਉਹ ਬਹੁਤਾ ਮੂੰਹ ਖੋਲ੍ਹਣ ਅਤੇ ਸਚਾਈ ਦੱਸਣ ਤੋਂ ਝਿਪਦਾ ਰਿਹਾ ਸੀ। ਹੁਣ ਪੁਲੀਸ ਅਧਿਕਾਰੀ ਉਸ ਦੇ ਮੂੰਹੋਂ ਸੱਚ ਉਗਲਾਉਣ ਲਈ ਮਾਨਸਾ ਦੀ ਥਾਂ ’ਤੇ ਰਾਜਪੁਰਾ ’ਚ ਪੁੱਛ-ਪੜਤਾਲ ਕਰ ਰਹੇ ਹਨ। ਪੁਲੀਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਆਈਏ ਦਾ ਇੰਚਾਰਜ ਆਪਣੇ ਤੌਰ ’ਤੇ ਇਕੱਲਾ ਕੁੱਝ ਨਹੀਂ ਕਰ ਸਕਦਾ ਹੈ ਅਤੇ ਉਸ ਨਾਲ ਕੁੱਝ ਹੋਰ ਲੋਕ ਜਾਂ ਅਧਿਕਾਰੀ ਵੀ ਸ਼ਾਮਲ ਹੋ ਸਕਦੇ ਹਨ। ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਪ੍ਰਿਤਪਾਲ ਸਿੰਘ ਤੋਂ ਕਾਫ਼ੀ ਦੇਰ ਤੱਕ ਪੁੱਛ-ਪੜਤਾਲ ਕੀਤੀ ਗਈ। ਪ੍ਰਿਤਪਾਲ ਸਿੰਘ ਦੇ 12 ਅਕਤੂਬਰ ਨੂੰ ਖ਼ਤਮ ਹੋ ਰਹੇ ਰਿਮਾਂਡ ਤੋਂ ਪਹਿਲਾਂ-ਪਹਿਲਾਂ ਪੁਲੀਸ ਕਿਸੇ ਸਿੱਟੇ ’ਤੇ ਪਹੁੰਚਣਾ ਚਾਹੁੰਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪੁਲੀਸ ਨੂੰ ਲੋੜੀਂਦਾ ਸਹਿਯੋਗ ਨਹੀਂ ਦੇ ਰਿਹਾ ਹੈ। ਇਸ ਕਾਰਨ ਉਸ ਨੂੰ ਪੁੱਛ-ਪੜਤਾਲ ਲਈ ਬਾਹਰਲੇ ਥਾਣੇ ਵਿੱਚ ਲਿਜਾਇਆ ਗਿਆ ਹੈ।
ਪੁਲੀਸ ਅਤੇ ਸਿਟ ਅਧਿਕਾਰੀ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਫੜੇ ਪ੍ਰਿਆਵਰਤ ਫੌਜੀ, ਅੰਕਿਤ ਸੇਰਸਾ, ਕੁਲਦੀਪ ਉਰਫ਼ ਕਸ਼ਿਸ਼ ਸਮੇਤ ਹੋਰ ਗੈਂਗਸਟਰਾਂ ਨਾਲ ਪ੍ਰਿਤਪਾਲ ਸਿੰਘ ਦੇ ਸਬੰਧਾਂ ਦੀ ਵੀ ਜਾਂਚ ਕਰ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ, ਜੋ ਸਿਟ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਤੋਂ ਬਹੁਤ ਬਾਰੀਕੀ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।