ਸ਼ਗਨ ਕਟਾਰੀਆ
ਬਠਿੰਡਾ, 28 ਸਤੰਬਰ
ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿੱਚ ਠੇਕੇਦਾਰਾਂ ਦੇ ਆਦਮੀ ਪਹੁੰਚ ਕੇ ਉੱਥੇ ਪਏ ਖੰਡ, ਚਾਵਲ, ਸੁੱਕਾ ਦੁੱਧ, ਕਣਕ, ਦਾਲ, ਪੰਜੀਰੀ ਤੇ ਵੜੀਆਂ ਸਮੇਤ ਰਸੋਈਆਂ ਦੀ ਹੋਰ ਸਮੱਗਰੀ ਸਮੇਟਣ ਲਈ ਪਹੁੰਚ ਰਹੇ ਹਨ। ਪਹਿਲੀ ਅਕਤੂਬਰ ਤੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਲਈ ਹੁਣ ਤਿਆਰ ਹੋਇਆ ਖਾਣਾ ਪਹੁੰਚਿਆ ਕਰੇਗਾ।
ਉਨ੍ਹਾਂ ਅਨੁਸਾਰ ਫ਼ਿਰੋਜ਼ਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ’ਚ ਇਹ ਕਵਾਇਦ ਸ਼ੁਰੂ ਹੋ ਗਈ ਹੈ ਤੇ ਬਾਕੀ ਜ਼ਿਲ੍ਹਿਆਂ ’ਚ ਵੀ ਅਜਿਹਾ ਹੀ ਹੋਣ ਦੇ ਆਸਾਰ ਹਨ। ਉਨ੍ਹਾਂ ਕਿਹਾ ਕਿ 2017 ’ਚ ਸਰਕਾਰ ਨੇ ਆਂਗਣਵਾੜੀ ਸੈਂਟਰਾਂ ’ਚੋਂ ਕਰੀਬ 6 ਲੱਖ ਬੱਚਿਆਂ ਨੂੰ ਸ਼ਿਫ਼ਟ ਕਰ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚਲੀਆਂ ਪ੍ਰੀ-ਨਰਸਰੀ ਜਮਾਤਾਂ ਵਿੱਚ ਦਾਖ਼ਲ ਕਰ ਦਿੱਤਾ ਸੀ ਤੇ ਹੁਣ ਵਰਕਰਾਂ ਤੇ ਹੈਲਪਰਾਂ ਕੋਲੋਂ ਰਾਸ਼ਨ ਦਾ ਕੰਮ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਥੇਬੰਦੀ ਇਸ ਫ਼ੈਸਲੇ ਦਾ ਪੁਰਜ਼ੋਰ ਢੰਗ ਨਾਲ ਵਿਰੋਧ ਕਰਦੀ ਹੈ ਤੇ ਅੱਗੇ ਤੋਂ ਸੈਂਟਰਾਂ ’ਚੋਂ ਕੋਈ ਵੀ ਸਾਮਾਨ ਚੁੱਕਣ ਨਹੀਂ ਦਿੱਤਾ ਜਾਵਗਾ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਨੂੰ ਮੁਹਾਲੀ ਵਿੱਚ ਹੋਣ ਵਾਲੀ ਸੂਬਾ ਪੱਧਰੀ ਰੈਲੀ ਵਿੱਚ ਇਹ ਮੁੱਦਾ ਜ਼ੋਰਦਾਰ ਢੰਗ ਨਾਲ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਰਾਸ਼ਨ ਜਾਰੀ ਕਰਵਾਉਣ ਸਮੇਂ ਆਂਗਣਵਾੜੀ ਵਰਕਰਾਂ ਨੇ ਦਸਤਖ਼ਤ ਕੀਤੇ ਤੇ ਸਰਕਾਰੀ ਦਸਤਾਵੇਜ਼ਾਂ ’ਚ ਰਾਸ਼ਨ ਉਨ੍ਹਾਂ ਦੇ ਨਾਂ ’ਤੇ ਜਾਰੀ ਹੋਇਆ ਹੈ, ਹੁਣ ਜੇ ਠੇਕੇਦਾਰਾਂ ਦੇ ਬੰਦੇ ਸੈਂਟਰਾਂ ’ਚੋਂ ਰਾਸ਼ਨ ਚੁੱਕਦੇ ਹਨ ਤਾਂ ਫਿਰ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ?