ਰਾਕੇਸ਼ ਸੈਣੀ
ਨੰਗਲ 7 ਸਤੰਬਰ
ਡਿਪਟੀ ਕਮਿਸ਼ਨਰ ਰੂਪਨਗਰ ਸੋਨਾਲੀ ਗਿਰੀ ਨੇ ਅੱਜ ਨੰਗਲ ਸ਼ਹਿਰ ਦਾ ਦੌਰਾ ਕਰ ਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਸੋਨਾਲੀ ਗਿਰੀ ਅੱਜ ਸਵੇਰੇ ਨੰਗਲ ਪਹੁੰਚੇ ਤੇ ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸ ਮਗਰੋਂ ਉਨ੍ਹਾਂ ਸ਼ਿਵਾਲਿਕ ਐਵੇਨਿਯੂ ਤੇ ਸੈਕਟਰ-2 ਦੇ ਕੰਟੇਨਮੈਂਟ ਜ਼ੋਨਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪ੍ਰਸ਼ਾਸਨ ਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੰਟੇਨਮੈਂਟ ਜ਼ੋਨ ਵਿੱਚ ਲੋਕਾਂ ਦੇ ਆਉਣ-ਜਾਣ ’ਤੇ ਪਾਬੰਦੀ ਲਗਾਉਣ ਤੇ ਇਨ੍ਹਾਂ ਖੇਤਰਾਂ ’ਤੇ ਡਰੋਨ ਕੈਮਰਿਆਂ ਨਾਲ ਨਜ਼ਰ ਰੱਖਣ। ਇਸ ਮਗਰੋਂ ਨੰਗਲ ਵਿੱਚ ਬਣ ਰਹੇ ਬਹੁ ਕਰੌੜੀ ਫਲਾਈਓਵਰ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਫਲਾਈਓਵਰ ਦਾ ਕੰਮ ਜੂਨ 2021 ਤੱਕ ਮੁਕੰਮਲ ਕੀਤਾ ਜਾਵੇਗਾ ਤੇ ਵੱਖ-ਵੱਖ ਵਿਭਾਗਾਂ ਤੋਂ ਜਲਦੀ ਪ੍ਰਵਾਨਗੀ ਲੈ ਲਈ ਜਾਵੇਗੀ।