ਜੋਗਿੰਦਰ ਸਿੰਘ ਮਾਨ
ਮਾਨਸਾ, 30 ਮਈ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਭਾਜਪਾ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਬਲਬੀਰ ਸਿੰਘ ਰਾਜੇਵਾਲ ਸਬੰਧੀ ਦਿੱਤੇ ਬਿਆਨ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਕਥਿਤ ‘ਦਿਮਾਗ’ ਹਿੱਲ ਗਿਆ ਹੈ, ਜਿਸ ਕਾਰਨ ਉਹ ਕਿਸਾਨ ਆਗੂਆਂ ਬਾਰੇ ਊਟ-ਪਟਾਂਗ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ, ਸੂਬਾਈ ਕਿਸਾਨ ਆਗੂਆਂ ਨੂੰ ਨਾ ਬੋਲਣ ਦੇਣ ਦੀਆਂ ਗੱਲਾਂ ਕਰਦੇ ਹਨ, ਜੋ ਕੋਰਾ ਝੂਠਾ ਹੈ। ਕਿਸਾਨ ਆਗੂ ਨੇ ਜਿਆਣੀ ਨੂੰ ਖੁੱਲ੍ਹੀ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਕਿਸਾਨਾਂ ਦੇ ਸੂਬਾਈ ਆਗੂਆਂ ਨਾਲ ਗੱਲ ਕਰਨ ਦੇ ਕਾਬਿਲ ਵੀ ਨਹੀਂ ਹੈ। ਉਹ ਤਾਂ ਜ਼ਿਲ੍ਹਾ ਪੱਧਰੀ ਆਗੂਆਂ ਦੇ ਸਵਾਲ ਦਾ ਹੀ ਜਵਾਬ ਦੇ ਦੇੇਣ ਤਾਂ ਸ਼ੁਕਰ ਹੈ? ਉਨ੍ਹਾਂ ਕਿਹਾ ਕਿ ਜਿੰਨਾ ਚਿਰ ਤੱਕ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਓਨਾਂ ਚਿਰ ਸੁਰਜੀਤ ਕੁਮਾਰ ਜਿਆਣੀ ਸਮੇਤ ਭਾਰਤੀ ਜਨਤਾ ਪਾਰਟੀ ਦੇ ਕਿਸੇ ਵੀ ਆਗੂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਭਾਜਪਾ ਅਤੇ ਕੇਂਦਰ ਸਰਕਾਰ ਪੂੰਜੀਪਤੀਆਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ, ਸਿਹਤ, ਬਿਜਲੀ ਅਤੇ ਹੋਰ ਸਰਕਾਰੀ ਮਹਿਕਮੇ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਦਿੱਤੇ ਜਾ ਰਹੇ ਹਨ ਅਤੇ ਹੁਣ ਕਿਸਾਨਾਂ ਦੀਆਂ ਜ਼ਮੀਨਾਂ ਵੀ ਇਨ੍ਹਾਂ ਘਰਾਣਿਆਂ ਨੂੰ ਦੇਣ ਲਈ ਇਨ੍ਹਾਂ ਕਾਨੂੰਨਾਂ ਰਾਹੀਂ ਰਾਹ ਪੱਧਰਾ ਕੀਤਾ ਜਾ ਰਿਹਾ ਹੈ, ਜਿਸ ਨੂੰ ਰੋਕਣ ਲਈ ਕਿਸਾਨ ਸਿਰ-ਧੜ ਦੀ ਬਾਜ਼ੀ ਲਾ ਕੇ ਅੰਦੋਲਨ ਕਰ ਰਹੇ ਹਨ। ਇਸ ਅੰਦੋਲਨ ਦੇ ਦੌਰਾਨ 500 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ ਹਨ, ਜਿਨ੍ਹਾਂ ਬਾਰੇ ਸੁਰਜੀਤ ਕੁਮਾਰ ਜਿਆਣੀ ਵਰਗੇ ਕਿਸੇ ਵੀ ਲੀਡਰ ਨੇ ਦੋ ਸ਼ਬਦ ਵੀ ਨਹੀਂ ਬੋਲੇ, ਪਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਢੇ ਅਪਣਾਏ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਆਗੂ ਬੇਲੋੜੀ ਬਿਆਨਬਾਜ਼ੀ ਕਰਨ ’ਤੇ ਉਤਰ ਆਏ ਹਨ।
ਮਾਸਕ ਵੰਡਣ ਆਏ ਭਾਜਪਾ ਵਰਕਰਾਂ ਅਤੇ ਕਿਸਾਨਾਂ ਦਰਮਿਆਨ ਤਕਰਾਰ
ਪਟਿਆਲਾ (ਖੇਤਰੀ ਪ੍ਰਤੀਨਿਧ): ਭਾਜਪਾ ਦੀ ਬਲਾਕ ਇਕਾਈ ਤ੍ਰਿਪੜੀ ਦੇ ਪ੍ਰਧਾਨ ਬਰਿੰਦਰ ਖੰਨਾ ਦੀ ਅਗਵਾਈ ਹੇਠਾਂ ਇਥੋਂ ਦੀ ਡਾਕਟਰ ਕਲੋਨੀ ’ਚ ਸੈਨੇਟਾਈਜ਼ ਅਤੇ ਮਾਸਕ ਵੰਡਣ ਗਏ ਭਾਜਪਾ ਕਾਰਕੁਨਾਂ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸ਼ੇਰ ਸਿੰਘ ਸਿੱਧੂਵਾਲ ਦੀ ਅਗਵਾਈ ਹੇਠਾਂ ਇਕੱਤਰ ਹੋਏ ਕਿਸਾਨਾਂ ਨੇ ਘੇਰ ਲਿਆ। ਇਸ ਦੌਰਾਨ ਕਿਸਾਨਾਂ ਅਤੇ ਇਨ੍ਹਾਂ ਭਾਜਪਾ ਕਾਰਕੁਨਾਂ ’ਚ ਤਕਰਾਰ ਹੋ ਗਿਆ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ।