ਦਵਿੰਦਰ ਪਾਲ
ਚੰਡੀਗੜ੍ਹ, 30 ਮਈ
ਪੰਜਾਬ ਪੁਲੀਸ ਲਈ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵੱਲੋਂ ਸੂਬੇ ਵਿੱਚ ਭਾੜੇ ਦੇ ਕਾਤਲਾਂ ਰਾਹੀਂ ਚਲਾਈਆਂ ਜਾ ਰਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਨੱਥ ਪਾਉਣਾ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ। ਪੁਲੀਸ ਨੇ ਚਰਚਿਤ ਗਾਇਕ ਤੇ ਨੌਜਵਾਨਾਂ ’ਚ ਮਕਬੂਲ ਸਿੱਧੂ ਮੂਸੇਵਾਲਾ ਦੇ ਕਤਲ ਦੀਆਂ ਤਾਰਾਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਤਾਂ ਜੋੜ ਦਿੱਤੀਆਂ ਹਨ ਪਰ ਅਸਲ ਕਾਤਲਾਂ ਨੂੰ ਹੱਥ ਪਾਉਣਾ ਮੁਸ਼ਕਲ ਹੋਇਆ ਪਿਆ ਹੈ।
ਪੰਜਾਬ ਵਿੱਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੇ ਗਠਨ ਦਾ ਐਲਾਨ ਕੀਤਾ ਸੀ। ਸੂਤਰਾਂ ਮੁਤਾਬਕ ਏਜੀਟੀਐੱਫ ਦੇ ਗਠਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਪੁਲੀਸ ਵੱਲੋਂ ਸਰਕਾਰ ਨੂੰ ਭੇਜਿਆ ਗਿਆ ਪ੍ਰਸਤਾਵ ਅਜੇ ਤੱਕ ਸਿਰੇ ਨਹੀਂ ਚੜ੍ਹਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਅਜਿਹੀ ਫੋਰਸ ਦੇ ਗਠਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਏਜੀਟੀਐੱਫ ’ਚ ਅਫ਼ਸਰਾਂ ਦੀ ਤਾਇਨਾਤੀ ਨੋਟੀਫਿਕੇਸ਼ਨ ਦੇ ਆਧਾਰ ’ਤੇ ਹੋਵੇ ਅਤੇ ਪੁਲੀਸ ਫੋਰਸ ਨੂੰ ਅਸਲਾ, ਗੱਡੀਆਂ ਆਦਿ ਦੀ ਅਲਾਟਮੈਂਟ ਦੇ ਨਿਯਮ ਬਣਨ। ਅਧਿਕਾਰੀਆਂ ਅਨੁਸਾਰ ਓਕੂ ਦੇ ਆਧਾਰ ’ਤੇ ਹੀ ਹੁਣ ਤੱਕ ਏਜੀਟੀਐੱਫ ਵੱਲੋਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਪੰਜਾਬ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਸੂਬੇ ਵਿੱਚ ਪਿਛਲੇ ਦੋ ਕੁ ਸਾਲ ਤੋਂ ਗੈਂਗਵਾਰ, ਕਤਲੋਗਾਰਤ ਜਾਂ ਫਿਰੌਤੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਇਹ ਸਾਰੀਆਂਗਤੀਵਿਧੀਆਂ ਕੈਨੇਡਾ, ਫਿਲਪੀਨਜ਼, ਥਾਈਲੈਂਡ ਅਤੇ ਯੂਰਪ ਦੇ ਕੁੱਝ ਮੁਲਕਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਹੀ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸਮੇਂ ਦੋ ਦਰਜਨ ਦੇ ਕਰੀਬ ਅਜਿਹੇ ਗੈਂਗਸਟਰ ਹਨ ਜੋ ਵਿਦੇਸ਼ਾਂ ’ਚੋਂ ਹੀ ਭਾੜੇ ਦੇ ਅਪਰਾਧੀਆਂ ਰਾਹੀਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਲੁਕਵੀਆਂ ਅਪਰਾਧਿਕ ਗਤੀਵਿਧੀਆਂ ਚਲਾਉਣ ਵਾਲੇ ਵਿਅਕਤੀ ਨੂੰ ਵਿਦੇਸ਼ੀ ਧਰਤੀ ਤੋਂ ਵਾਪਸ ਲਿਆਉਣ ਦੀ ਪ੍ਰਕਿਰਿਆ ਬਹੁਤ ਹੀ ਜ਼ਿਆਦਾ ਗੁੰਝਲਦਾਰ ਹੈ ਅਤੇ ਸਾਲਾਂ ਦਾ ਸਮਾਂ ਲੱਗ ਜਾਂਦਾ ਹੈ।
ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਗੈਂਗਸਟਰ ਤਿਹਾੜ ਜੇਲ੍ਹ ’ਚ ਬੰਦ ਹਨ, ਉਨ੍ਹਾਂ ਦੇ ਵੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਤੱਥ ਹਨ। ਪੰਜਾਬ ਵਿੱਚ ‘ਆਪ’ ਸਰਕਾਰ ਦੇ ਗਠਨ ਤੋਂ ਬਾਅਦ ਕਬੱਡੀ ਖਿਡਾਰੀਆਂ ਸਮੇਤ ਹੋਰ ਕਈ ਕਤਲਾਂ ਦੀ ਯੋਜਨਾ ਵਿਦੇਸ਼ ਤੋਂ ਹੀ ਘੜੀ ਹੋਣ ਦੇ ਤੱਥ ਸਾਹਮਣੇ ਆ ਚੁੱਕੇ ਹਨ। ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਦਫ਼ਤਰ ’ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਪਿੱਛੇ ਵੀ ਪੁਲੀਸ ਨੇ ਕੈਨੇਡਾ ’ਚ ਬੈਠੇ ਗੈਂਗਸਟਰਾਂ ਦਾ ਹੱਥ ਹੋਣ ਦਾ ਦਾਅਵਾ ਕੀਤਾ ਸੀ। ਪੁਲੀਸ ਅਧਿਕਾਰੀਆਂ ਮੁਤਾਬਕ ਸੂਬੇ ’ਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਾਂ ਭਾਵੇਂ ਕਾਬੂ ਆ ਜਾਂਦੇ ਹਨ ਪਰ ਸਾਰੀ ਸਾਜ਼ਿਸ਼ ਘੜਨ ਵਾਲੇ ਗ੍ਰਿਫਤ ’ਚੋਂ ਬਾਹਰ ਰਹਿੰਦੇ ਹਨ।
ਪੰਜਾਬ ਵਿੱਚ ਵਿਦੇਸ਼ਾਂ ਤੋਂ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਰਾਜ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ’ਤੇ ਨਿਰਭਰ ਹੈ। ਇਸ ਮਾਮਲੇ ਵਿੱਚ ਕੋਈ ਵੀ ਸਫਲਤਾ ਨਹੀਂ ਮਿਲ ਰਹੀ। ਸੂਤਰਾਂ ਮੁਤਾਬਕ ਪੁਲੀਸ ਅਧਿਕਾਰੀਆਂ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਰਾਹੀਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੰਜਾਬ ’ਚ ਅਪਰਾਧਿਕ ਗਤੀਵਿਧੀਆਂ ਚਲਾ ਰਹੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਲਈ ਪੱਤਰ ਵਿਹਾਰ ਕਈ ਵਾਰੀ ਕੀਤਾ ਹੈ ਪਰ ਕੁੱਝ ਵੀ ਹੱਥ ਪੱਲੇ ਨਹੀਂ ਪਿਆ।