ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਪਰੈਲ
ਨਕੋਦਰ ਹਲਕੇ ਦੀ ਸ਼ੰਕਰ ਪੁਲੀਸ ਚੌਕੀ ਵਿੱਚ ਨੌਜਵਾਨ ਬਲਵਿੰਦਰ ਕੁਮਾਰ ਦੀ ਪੁਲੀਸ ਵੱਲੋਂ ਕੀਤੀ ਕਥਿਤ ਕੁੱਟਮਾਰ ਕਾਰਨ ਹੋਈ ਮੌਤ ਦਾ ਐਸਸੀ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਕਮਿਸ਼ਨ ਦੇ ਸੀਨੀਅਰ ਮੈਂਬਰ ਪ੍ਰਭਦਿਆਲ ਦੇ ਦਸਤਖ਼ਤਾਂ ਹੇਠ ਜਾਰੀ ਪੱਤਰ ਵਿੱਚ ਉਨ੍ਹਾਂ ਨੇ ਦਿਹਾਤੀ ਪੁਲੀਸ ਦੇ ਐੱਸਐੱਸਪੀ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਪੱਤਰ ਵਿੱਚ ਪੁਲੀਸ ਕੋਲੋਂ 18 ਅਪਰੈਲ ਤੱਕ ਰਿਪੋਰਟ ਮੰਗੀ ਗਈ ਹੈ। ਕਮਿਸ਼ਨ ਨੇ ਇਹ ਤਾੜਨਾ ਵੀ ਕੀਤੀ ਹੈ ਕਿ ਜੇ ਇਸ ਮਾਮਲੇ ਵਿੱਚ ਹੁਕਾਮਾਂ ਦੀ ਉਲੰਘਣਾ ਕੀਤੀ ਗਈ ਤਾਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਸਿਵਲ ਅਦਾਲਤ ਦੀਆਂ ਸ਼ਕਤੀਆਂ ਵਰਤਣ ਲਈ ਪਾਬੰਦ ਹੋਵੇਗਾ।
ਉਧਰ, ਨਕੋਦਰ ਦੇ ਡੀਐਸਪੀ ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਜੱਜ ਵੱਲੋਂ ਜੁਡੀਸ਼ਲ ਜਾਂਚ ਦੇ ਦਿੱਤੇ ਹੁਕਮਾਂ ਤਹਿਤ ਹੀ ਮੌਜੂਦਾ ਜੱਜ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ। ਉਨ੍ਹਾਂ ਦੀ ਨਿਗਰਾਨੀ ਹੇਠ ਹੀ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ ਹੈ। ਪਿੰਡ ਬਜੂਹਾਂ ਵਿੱਚ ਅੱਜ ਬਲਵਿੰਦਰ ਦਾ ਸਸਕਾਰ ਕਰ ਦਿੱਤਾ ਗਿਆ ਹੈ। ਕੱਲ੍ਹ ਬਲਵਿੰਦਰ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਨੇ ਪੁਲੀਸ ਚੌਕੀ ਵਿੱਚ ਰੋਸ ਜ਼ਾਹਿਰ ਕੀਤਾ ਸੀ। ਇਸ ਮਾਮਲੇ ’ਚ ਕਿਸਾਨ-ਮਜ਼ਦੂਰ ਜਥੇਬੰਦੀਆਂ ਵੀ ਪੁਲੀਸ ਖ਼ਿਲਾਫ਼ ਡਟੀਆਂ ਹੋਈਆਂ ਹਨ।
ਉਧਰ, ਪੇਂਡੂ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਸੂਬਾ ਪ੍ਰੈਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਜ਼ਿਲ੍ਹਾ ਪ੍ਰਧਾਨ ਹੰਸ ਰਾਜ ਪੱਬਵਾਂ ਨੇ ਦਾਅਵਾ ਕੀਤਾ ਕਿ ਪੁਲੀਸ ਵੱਲੋਂ ਬਲਵਿੰਦਰ ਦੀ ਖ਼ੁਦਕੁਸ਼ੀ ਕਹੀ ਜਾ ਰਹੀ ਗੱਲ ਬੇਬੁਨਿਆਦ ਹੈ। ਆਗੂਆਂ ਨੇ ਮੰਗ ਕੀਤੀ ਕਿ ਜਾਂਚ ਕਰ ਕੇ ਕਸੂਰਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।