ਪੱਤਰ ਪ੍ਰੇਰਕ
ਪਟਿਆਲਾ, 28 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਹੁਣ ਇਕ ਅਜਿਹਾ ਰਾਜ ਬਣ ਗਿਆ ਹੈ, ਜਿੱਥੇ ਇੱਕ ਨਹੀਂ ਸਗੋਂ ਅੱਧਾ ਦਰਜਨ ਮੁੱਖ ਮੰਤਰੀ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਰਾਘਵ ਚੱਢਾ, ਭਗਵੰਤ ਮਾਨ ਦੀ ਪਤਨੀ ਅਤੇ ਭਗਵੰਤ ਮਾਨ ਦੀ ਮਾਤਾ ਸਾਰੇ ਹੀ ਮੁੱਖ ਮੰਤਰੀ ਹਨ। ਇਹੀ ਕਾਰਨ ਹੈ ਕਿ ਇੰਨੀ ਥਾਂ ’ਤੇ ਪਾਵਰ ਵੰਡੀ ਹੋਈ ਹੈ ਅਤੇ ਸਰਕਾਰ ਦੀ ਕੋਈ ਇਕਸੁਰਤਾ ਨਾ ਹੋਣ ਕਰਕੇ ਸਰਕਾਰ ਐਡਵੋਕੇਟ ਜਨਰਲ ਤੱਕ ਦੇ ਫ਼ੈਸਲੇ ਖ਼ੁਦ ਨਹੀਂ ਲੈ ਪਾ ਰਹੀ। ਉਹ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਦੀ ਰਿਹਾਇਸ਼ ’ਤੇ ਆਏ ਹੋਏ ਸਨ। ਇਸ ਮੌਕੇ ਦੋਵਾਂ ਨੇ ਪਾਰਟੀ ਨੂੰ ਮੁੜ ਤੋਂ ਪੰਜਾਬ ਵਿੱਚ ਸੁਰਜੀਤ ਕਰਨ ਬਾਰੇ ਚਰਚਾ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਜਿਹੜੀ ਸਰਕਾਰ ਐਡਵੋਕੇਟ ਜਨਰਲ ਬਾਰੇ ਫ਼ੈਸਲਾ ਨਹੀਂ ਲੈ ਸਕਦੀ, ਉਹ ਪੰਜਾਬ ਦੇ ਲੋਕਾਂ ਤੇ ਹਿੱਤਾਂ ਬਾਰੇ ਫ਼ੈਸਲੇ ਕਿਸ ਤਰ੍ਹਾਂ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਕੁਝ ਹੋਰ ਕਹਿ ਰਹੇ ਹਨ, ਰਾਘਵ ਚੱਢਾ ਕੁਝ ਹੋਰ ਅਤੇ ਜਦੋਂ ਫ਼ੈਸਲਾ ਅੰਤਿਮ ਘੜੀ ਵਿੱਚ ਅਰਵਿੰਦ ਕੇਜਰੀਵਾਲ ਕੋਲ ਪਹੁੰਚਦਾ ਹੈ ਤਾਂ ਕੁਝ ਹੋਰ ਹੀ ਬਣ ਜਾਂਦਾ ਹੈ। ਸ੍ਰੀ ਬਾਦਲ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ ਨੂੰ ਦਿੱਲੀ ਬੈਠੇ ਲੋਕ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹੱਲਾ ਕਲੀਨਿਕਾਂ ਦੇ ਨਾਮ ’ਤੇ ਸਰਕਾਰ ਵੱਲੋਂ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ 20 ਲੱਖ ਵਿਚ ਪੂਰਾ ਜਨ ਸੇਵਾ ਕੇਂਦਰ ਬਣਾਇਆ ਤੇ ਆਮ ਆਦਮੀ ਪਾਰਟੀ ਵਾਲੇ ਸਿਰਫ਼ ਉਨ੍ਹਾਂ ’ਤੇ ਰੰਗ ਰੋਗਣ ਕਰਕੇ ਇਕ ਮੁਹੱਲਾ ਕਲੀਨਿਕ ’ਤੇ 20 ਲੱਖ ਰੁਪਏ ਦਾ ਖਰਚ ਦਿਖਾ ਰਹੇ ਹਨ।
ਸੁਖਬੀਰ ਨੇ ਮਰਹੂਮ ਜਥੇਦਾਰ ਰਾਮਗੜ੍ਹ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਡਕਾਲਾ (ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇਲਾਕੇ ਦੇ ਪਿੰਡ ਰਾਮਗੜ੍ਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਬਲਵੰਤ ਸਿੰਘ ਰਾਮਗੜ੍ਹ ਜਿਨ੍ਹਾਂ ਦਾ ਲੰਘੇ ਦਿਨੀਂ ਦੇਹਾਂਤ ਹੋ ਗਿਆ ਸੀ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਵੀ ਸਨ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪਾਰਟੀ ਇੱਕ ਟਕਸਾਲੀ ਆਗੂ ਤੋਂ ਵਿਰਵੀ ਹੋ ਗਈ ਹੈ| ਉਨ੍ਹਾਂ ਕਿ ਟਕਸਾਲੀ ਆਗੂ ਹਮੇਸ਼ਾ ਪਾਰਟੀ ਦੀ ਰੀੜ੍ਹ ਦੀ ਹੱਡੀ ਰਹੇ ਹਨ।
ਚੰਦੂਮਾਜਰਾ ਦੇ ਗਿਲੇ-ਸ਼ਿਕਵੇ ਕੀਤੇ ਦੂਰ
ਡਕਾਲਾ: ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਦੇ ਕੁਝ ਮਸੌਦਿਆਂ ਤੋਂ ਨਾਰਾਜ਼ ਸਨ ਤੇ ਲੰਘੇ ਕੱਲ੍ਹ ਚੰਡੀਗੜ੍ਹ ਵਿੱਚ ਹੋਈ ਕੋਰ ਕਮੇਟੀ ਦੀ ਬੈਠਕ ਤੋਂ ਵੀ ਉਹ ਲਾਂਭੇ ਰਹੇ ਸਨ| ਉਧਰ, ਅੱਜ ਸੁਖਬੀਰ ਤੇ ਚੰਦੂਮਾਜਰਾ ਦਰਮਿਆਨ ਬੰਦ ਕਮਰਾ ਹੋਈ ਬੈਠਕ ਸਬੰਧੀ ਅਧਿਕਾਰਤ ਤੌਰ ’ਤੇ ਖੁੱਲ੍ਹ ਕੇ ਭਾਵੇਂ ਕੁਝ ਸਾਹਮਣੇ ਨਹੀਂ ਆਇਆ, ਪ੍ਰੰਤੂ ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਸ੍ਰੀ ਚੰਦੂਮਾਜਰਾ ਦੀ ਨਰਾਜ਼ਗੀ ਤੇ ਸ਼ਿਕਵੇ ਦੂਰ ਕਰ ਦਿੱਤੇ ਗਏ ਹਨ|