ਪੱਤਰ ਪ੍ਰੇਰਕ
ਮੁਹਾਲੀ, 2 ਅਕਤੂਬਰ
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਊਰਜਾ ਦੀ ਸੁਚੱਜੀ ਸੰਭਾਲ ਨੂੰ ਉਤਸ਼ਾਹਿਤ ਕਰਨ ਅਤੇ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਨੂੰ ਦਰਸਾਉਣ ਲਈ ਪੰਜਾਬ ਸਰਕਾਰ ਨੇ ਮੁਹਾਲੀ ਵਿੱਚ ਸੁਪਰ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਅਨੁਕੂਲ ਇਮਾਰਤ ਉਸਾਰਨ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਮਾਰਤਾਂ ਵਿੱਚ ਊਰਜਾ ਕੁਸ਼ਲਤਾ ਨੂੰ ਦਰਸਾਉਣ ਲਈ ਸੈਕਟਰ-65 (ਮੁਹਾਲੀ) ਵਿੱਚ ਸੁਪਰ ਈਸੀਬੀਸੀ ਇਮਾਰਤ ਉਸਾਰੀ ਲਈ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਪੇਡਾ ਨੂੰ 1500 ਵਰਗ ਮੀਟਰ ਜ਼ਮੀਨ ਅਲਾਟ ਕੀਤੀ ਗਈ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਇਮਾਰਤ ਨੂੰ ਅਗਲੇ ਦੋ ਸਾਲਾਂ ਵਿੱਚ ਵਰਤੋਂ ਲਈ ਤਿਆਰ ਕਰ ਦਿੱਤਾ ਜਾਵੇਗਾ। ਪੈਸਿਵ ਡਿਜ਼ਾਈਨ ਵਿਸ਼ੇਸ਼ਤਾਵਾਂ ਨਾਲ ਲੈਸ ਸੁਪਰ ਐਫੀਸ਼ੀਐਂਟ ਤਕਨਾਲੋਜੀ ਨੂੰ ਦਰਸਾਉਂਦੀ ਉੱਤਰੀ ਭਾਰਤ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਇਮਾਰਤ ਇਕ ਮਾਡਲ ਦਾ ਕੰਮ ਕਰੇਗੀ।
ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਏ ਵੇਣੂ ਪ੍ਰਸਾਦ ਨੇ ਦੱਸਿਆ ਕਿ ਸੁਪਰ ਈਸੀਬੀਸੀ ਅਨੁਕੂਲ ਇਮਾਰਤ ਦੀ ਪੇਸ਼ਕਾਰੀ ਵਿੱਚ ਸਾਰੀਆਂ ਅਤਿ-ਆਧੁਨਿਕ ਤਕਨੀਕਾਂ ਸ਼ਾਮਲ ਹੋਣਗੀਆਂ। ਇਸ ਪ੍ਰਸਤਾਵਿਤ ਇਮਾਰਤ ਦੇ ਡਿਜ਼ਾਈਨ ਅਤੇ ਨਿਰਮਾਣ ਦਾ ਖ਼ਰਚਾ ਬਿਊਰੋ ਆਫ ਐਨਰਜੀ ਐਫੀਸ਼ੀਏਂਸੀ (ਬੀਈਈ) ਵੱਲੋਂ ਚੁੱਕਿਆ ਜਾਵੇਗਾ।