ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਾਰਚ
ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਮੈਂਬਰਾਂ ਦੇ ਗੈਰ-ਅੰਮ੍ਰਿਤਧਾਰੀ ਹੋਣ ਬਾਰੇ ਚੱਲ ਰਹੇ ਸ਼ੰਕਿਆਂ ਬਾਰੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਸਮੇਤ ਹੋਰ ਅਹੁਦੇਦਾਰਾਂ ਨੂੰ ਭਲਕੇ 31 ਮਾਰਚ ਨੂੰ ਸ੍ਰੀ ਅਕਾਲ ਤਖਤ ’ਤੇ ਪੰਜ ਸਿੰਘ ਸਾਹਿਬਾਨ ਦੇ ਸਨਮੁਖ ਪੇਸ਼ ਹੋਣ ਲਈ ਆਖਿਆ ਹੈ।
ਇਸ ਸਬੰਧ ਵਿੱਚ ਦੀਵਾਨ ਨੂੰ ਭੇਜੇ ਗਏ ਇਕ ਪੱਤਰ ਵਿੱਚ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਇੰਦਰਬੀਰ ਸਿੰਘ ਨਿੱਜਰ, ਦੋ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਤੇ ਅਜੀਤ ਸਿੰਘ ਬਸਰਾ, ਸਥਾਨਕ ਪ੍ਰਧਾਨ ਹਰਮਿੰਦਰ ਸਿੰਘ ਫ੍ਰੀਡਮ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਭਾਗ ਸਿੰਘ ਅਣਖੀ ਦੇ ਨਾਂ ਸ਼ਾਮਲ ਹਨ। ਇਸ ਪੱਤਰ ਵਿਚ ਉਨ੍ਹਾਂ ਨੂੰ ਕਿਹਾ ਕਿ ਉਹ ਸੰਸਥਾ ਦੇ ਜ਼ਿੰਮੇਵਾਰ ਅਹੁਦੇਦਾਰ ਹਨ ਅਤੇ ਇਸ ਵੇਲੇ ਸੰਸਥਾ ਦੇ ਮੈਂਬਰਾਂ ਦੇ ਗੈਰ-ਅੰਮ੍ਰਿਤਧਾਰੀ ਹੋਣ ਬਾਰੇ ਮਸਲਾ ਚੱਲ ਰਿਹਾ ਹੈ। ਇਸ ਸਬੰਧੀ ਕੁਝ ਸ਼ੰਕੇ ਪੈਦਾ ਹੋਏ ਹਨ, ਜਿਨ੍ਹਾਂ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ’ਤੇ ਪੇਸ਼ ਹੋਣ ਲਈ ਆਖਿਆ ਜਾਂਦਾ ਹੈ। ਇਥੇ ਦੱਸਣਯੋਗ ਹੈ ਕਿ ਇਸ ਸਬੰਧ ਵਿਚ ਦੀਵਾਨ ਕੋਲੋਂ ਲੋੜੀਂਦੇ ਦਸਤਾਵੇਜ਼ ਵੀ ਮੰਗੇ ਗਏ ਸਨ ਪਰ ਹੁਣ ਤਕ ਦੀਵਾਨ ਵੱਲੋਂ ਇਹ ਦਸਤਾਵੇਜ਼ ਪੇਸ਼ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ ਹੋਰ ਮਾਮਲੇ ਵੀ ਪੰਜ ਸਿੰਘ ਸਾਹਿਬਾਨ ਦੀ ਇਕਤਰਤਾ ਵਿੱਚ ਵਿਚਾਰੇ ਜਾਣ ਦੀ ਸੰਭਾਵਨਾ ਹੈ।
ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਆਖਿਆ ਕਿ ਕੁਝ ਪੰਥ ਵਿਰੋਧੀ ਤਾਕਤਾਂ ਵਲੋਂ ਸਿੱਖ ਸੰਸਥਾਵਾਂ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸ੍ਰੀ ਅਕਾਲ ਤਖਤ ਆਦਿ ਦੇ ਸਿਧਾਂਤਾਂ ਨੂੰ ਢਾਹ ਲਾਉਣ ਅਤੇ ਇਨ੍ਹਾਂ ਸੰਸਥਾਵਾਂ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਜ਼ਿਸ਼ਾਂ ਸ਼੍ਰੋਮਣੀ ਕਮੇਟੀ ਦੇ ਹੋਂਦ ਵਿਚ ਆਉਣ ਤੋਂ ਬਾਅਦ ਹੀ ਸ਼ੁਰੂ ਹੋ ਗਈਆਂ ਸਨ ਅਤੇ ਹੁਣ ਤਕ ਜਾਰੀ ਹਨ। ਉਨ੍ਹਾਂ ਨੇ ਅੱਜ ਦੇ ਬਜਟ ਇਜਲਾਸ ਦੌਰਾਨ ਬਜਟ ਵਿਚ ਦੂਰ ਕੀਤੀਆਂ ਤਰੁਟੀਆਂ ਲਈ ਸ਼੍ਰੋਮਣੀ ਕਮੇਟੀ ਦੀ ਸ਼ਲਾਘਾ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰਾਂ, ਪਿੰਡਾਂ ਤੇ ਕਸਬਿਆਂ ਵਿਚ ਗੁਰੂ ਸਾਹਿਬ ਦੇ ਉਪਦੇਸ਼ ਤੇ ਵਿਚਾਰਾਂ ਨੂੰ ਵੱਡੇ ਪੱਧਰ ’ਤੇ ਪ੍ਰਚਾਰਿਆ ਜਾਵੇ।