ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਅਪਰੈਲ
ਪਟਿਆਲਾ ਜੇਲ੍ਹ ਵਿੱਚੋਂ ਫ਼ਰਾਰ ਹੋਏ ਤਿੰਨੋਂ ਕੈਦੀਆਂ ਦਾ ਅੱਜ ਦੂਜੇ ਦਿਨ ਵੀ ਕੋਈ ਸੁਰਾਗ ਨਹੀਂ ਲੱਗ ਸਕਿਆ। ਇਸ ਘਟਨਾਕ੍ਰਮ ’ਚ ਜੇਲ੍ਹ ਪ੍ਰਸ਼ਾਸਨ ਦੀ ਭੂਮਿਕਾ ਬਾਰੇ ਡੀਆਈਜੀ (ਜੇਲ੍ਹਾਂ) ਸੁਰਿੰਦਰ ਸਿੰਘ ਸੈਣੀ ਆਪਣੀ ਪੜਤਾਲ ਕਰੀਬ ਮੁਕੰਮਲ ਕਰ ਲਈ ਹੈ। ਉਨ੍ਹਾਂ ਅੱਜ ਕਈ ਘੰਟੇ ਪਟਿਆਲਾ ਜੇਲ੍ਹ ’ਚ ਸਮੁੱਚੇ ਮਾਮਲੇ ਨੂੰ ਬਾਰੀਕੀ ਨਾਲ਼ ਘੋਖਿਆ। ਉਨ੍ਹਾਂ ਜੇਲ੍ਹ ਸੁਪਰਡੈਂਟ ਤੇ ਹੋਰ ਮੁਲਾਜ਼ਮਾਂ ਬਿਆਨ ਵੀ ਦਰਜ ਕੀਤੇ। ਉਨ੍ਹਾਂ ਕੈਦੀਆਂ ਨਾਲ ਵੀ ਗੱਲਬਾਤ ਕੀਤੀ। ਜੇਲ੍ਹ ਵਿਚਲੇ ਅਧਿਕਾਰਤ ਫੋਨ ਦੀ ਕਾਲ ਡਿਟੇਲ ਵੀ ਕਢਵਾਈ ਗਈ ਹੈ। ਕਈ ਹੋਰ ਅਹਿਮ ਪਹਿਲੂਆਂ ਬਾਰੇ ਵੀ ਘੋਖ ਕੀਤੀ ਗਈ ਹੈ।
ਇਸ ਸਬੰਧੀ ਉਹ ਆਪਣੀ ਰਿਪੋਰਟ 30 ਅਪਰੈਲ ਨੂੰ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪ ਸਕਦੇ ਹਨ। ਸਰਕਾਰ ਦਾ ਜੇਲ੍ਹ ਪ੍ਰਸ਼ਾਸਨ ਸਬੰਧੀ ਕੋਈ ਫੈਸਲਾ ਇਸੇ ਰਿਪੋਰਟ ’ਤੇ ਨਿਰਭਰ ਕਰਦਾ ਹੈ, ਜਿਸ ਕਰਕੇ ਸਾਰਿਆਂ ਦੀਆਂ ਨਜ਼ਰਾਂ ਇਸ ਪੜਤਾਲੀਆ ਰਿਪੋਰਟ ’ਤੇ ਟਿਕੀਆਂ ਹੋਈਆਂ ਹਨ।
ਜਾਣਕਾਰੀ ਅਨਸਾਰ 27/28 ਅਪਰੈਲ ਦੀ ਰਾਤ ਨੂੰ ਜੇਲ੍ਹ ਵਿਚੋਂ ਤਿੰਨ ਕੈਦੀ ਫਰਾਰ ਹੋ ਗਏ ਸਨ। ਉਂਜ ਅਠਾਰਾਂ ਫੁੱਟ ਉਚੀ ਬਾਹਰਲੀ ਕੰਧ ਟੱਪਣ ਸਬੰਧੀ ਅਜੇ ਤੱਕ ਵੀ ਪ੍ਰਤੱਖ ਸਬੂਤ ਜੇਲ੍ਹ ਅਤੇ ਪੁਲੀਸ ਦੇ ਹੱਥ ਨਹੀਂ ਲੱਗ ਸਕਿਆ। ਐੱਸਐੱਸਪੀ ਵਿਕਰਮ ਜੀਤ ਦੁੱਗਲ ਨੇ ਤਿੰਨੇ ਕੈਦੀਆਂ ਦੀਆਂ ਫੋਟੋਆਂ ਅਤੇ ਹੁਲੀਆ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਗ੍ਰਿਫ਼ਤਾਰੀ ਵਿਚ ਸਹਿਯੋਗ ਕਰਨ। ਤਫਤੀਸ਼ੀ ਅਫਸਰ ਇੰਸਪੈਕਟਰ ਹੈਰੀ ਬੋਪਾਰਾਏ ਦਾ ਕਹਿਣਾ ਸੀ ਕਿ ਤਿੰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।