ਮੁੱਖ ਅੰਸ਼
- ਆਪਣੇ ਸਿਆਸੀ ਭਵਿੱਖ ਸਬੰਧੀ ਕੋਈ ਵੀ ਫੈਸਲਾ ਇਕ ਮਹੀਨੇ ਬਾਅਦ ਲੈਣਗੇ
- ‘ਭਾਜਪਾ ਦੀ ਸਾਖ ਨੂੰ ਲੱਗੀ ਢਾਹ ਲਈ ਪੰਜਾਬ ਭਾਜਪਾ ਜ਼ਿੰਮੇਵਾਰ’
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਜੁਲਾਈ
ਸਾਬਕਾ ਭਾਜਪਾ ਮੰਤਰੀ ਅਨਿਲ ਜੋਸ਼ੀ ਹੁਣ ਆਪਣੇ ਸਿਆਸੀ ਭਵਿੱਖ ਬਾਰੇ ਕੋਈ ਵੀ ਫੈਸਲਾ ਇਕ ਮਹੀਨੇ ਬਾਅਦ ਸਵੈ-ਮੰਥਨ ਅਤੇ ਸਥਿਤੀਆਂ ਦਾ ਜਾਇਜ਼ਾ ਲੈਣ ਮਗਰੋਂ ਲੈਣਗੇ। ਉਨ੍ਹਾਂ ਨੂੰ ਪੰਜਾਬ ਭਾਜਪਾ ਵਲੋਂ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਪਾਰਟੀ ਵਿਚੋਂ ਛੇ ਸਾਲਾਂ ਲਈ ਬਾਹਰ ਕੱਢ ਦਿੱਤਾ ਗਿਆ ਹੈ।
ਪੰਜਾਬ ਭਾਜਪਾ ਦੀ ਇਸ ਕਾਰਵਾਈ ਤੋਂ ਬਾਅਦ ਅੱਜ ਇਥੇ ਮੀਡੀਆ ਨਾਲ ਗੱਲ ਕਰਦਿਆਂ ਸ੍ਰੀ ਜੋਸ਼ੀ ਨੇ ਆਖਿਆ ਕਿ ਉਨਾਂ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਕੇ ਕੋਈ ਗੁਨਾਹ ਨਹੀਂ ਕੀਤਾ ਹੈ, ਜਿਸ ਲਈ ਪਾਰਟੀ ਦੇ ਇਸ ਫੈਸਲੇ ਕਾਰਨ ਸ਼ਰਮਿੰਦਗੀ ਮਹਿਸੂਸ ਹੋਵੇ। ਉਨ੍ਹਾਂ ਸਿਰਫ ਪਾਰਟੀ ਦੀ ਸਾਖ ਨੂੰ ਬਚਾਉਣ ਲਈ ਸਭ ਕੁਝ ਕੀਤਾ ਹੈ , ਇਸ ਲਈ ਪਾਰਟੀ ਵਲੋਂ ਕੀਤਾ ਫੈਸਲਾ ਕੋਈ ਸਜ਼ਾ ਨਹੀਂ, ਸਗੋਂ ਉਨ੍ਹਾਂ ਲਈ ਗੋਲਡ ਮੈਡਲ ਹੈ। ਉਨ੍ਹਾਂ ਕਿਹਾ ਕਿ ਅੱਜ ਪੈਦਾ ਹੋਈ ਸਮੁੱਚੀ ਸਥਿਤੀ ਲਈ ਪੰਜਾਬ ਭਾਜਪਾ ਦੀ ਟੀਮ ਜਿੰਮੇਵਾਰ ਹੈ, ਜੋ ਨਾ ਤਾਂ ਕਿਸਾਨਾਂ ਦੀ ਗੱਲ ਸਹੀ ਸਮੇਂ ’ਤੇ ਸਹੀ ਢੰਗ ਨਾਲ ਕੇਂਦਰ ਕੋਲ ਰੱਖ ਸਕੀ ਅਤੇ ਨਾ ਹੀ ਭਾਜਪਾ ਵਰਕਰਾਂ ਦੇ ਮਾਣ ਸਨਮਾਨ ਦੀ ਰਾਖੀ ਕਰ ਸਕੀ। ਇਸ ਲਈ ਪੰਜਾਬ ਭਾਜਪਾ ਦੀ ਸਾਖ ਨੂੰ ਵੱਡੀ ਸੱਟ ਲੱਗੀ ਹੈ ਅਤੇ ਇਸ ਵਾਸਤੇ ਨੈਤਿਕ ਆਧਾਰ ’ਤੇ ਪੰਜਾਬ ਭਾਜਪਾ ਦੇ ਪ੍ਰਧਾਨ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੇ ਅੰਦਰੂਨੀ ਮੰਚ ਤੋਂ ਇਹ ਦੁਹਾਈ ਦੇ ਰਹੇ ਸਨ ਕਿ ਸਮੁੱਚੀ ਸਥਿਤੀ ਬਾਰੇ ਪਾਰਟੀ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਮੀਟਿੰਗ ਸੱਦੀ ਜਾਵੇ ਪਰ ਕੋਈ ਸੁਣਵਾਈ ਨਹੀਂ ਕੀਤੀ ਗਈ। ਜੇਕਰ ਸਹੀ ਸਮੇਂ ’ਤੇ ਕਿਸਾਨਾਂ ਨਾਲ ਗੱਲ ਕੀਤੀ ਜਾਂਦੀ ਤਾਂ ਸ਼ਾਇਦ ਅੱਜ ਇਹ ਸਥਿਤੀ ਪੈਦਾ ਨਾ ਹੁੰਦੀ ।
ਆਪਣੇ ਸਿਆਸੀ ਭਵਿੱਖ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਉਹ ਸਿਆਸਤਦਾਨ ਹਨ ਅਤੇ ਸਿਆਸਤਦਾਨ ਹੀ ਰਹਿਣਗੇ। ਇਕ ਮਹੀਨਾ ਸਵੈ-ਮੰਥਨ ਅਤੇ ਸਥਿਤੀ ਦਾ ਜਾਇਜਾ ਲੈਣ ਮਗਰੋਂ ਕੋਈ ਅਗਲਾ ਫੈਸਲਾ ਕਰਨਗੇ। ਆਪ ਅਤੇ ਹੋਰ ਸਿਆਸੀ ਪਾਰਟੀਆਂ ਵਿਚ ਸ਼ਾਮਲ ਹੋਣ ਦੀ ਚਰਚਾ ਨੂੰ ਉਨ੍ਹਾਂ ਅਫਵਾਹ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਸੱਚੇ ਵਰਕਰ ਹਨ, ਜਿਸਨੇ ਤਿੰਨ ਦਹਾਕੇ ਤੋਂ ਵੱਧ ਸਮਾਂ ਪਾਰਟੀ ਲਈ ਕੰਮ ਕੀਤਾ ਹੈ। ਪਾਰਟੀ ਲਈ ਕੰਮ ਕਰਦਿਆਂ ਅਤਿਵਾਦ ਦੇ ਵੇਲੇ ਉਸਦੇ ਪਿਤਾ ਦੀ ਸ਼ਹਾਦਤ ਹੋਈ, 12 ਸਾਥੀਆਂ ’ਤੇ ਗੋਲੀ ਚਲਾਈ ਗਈ, ਉਨ੍ਹਾਂ ’ਤੇ ਹਮਲੇ ਕੀਤੇ ਗਏ ਪਰ ਉਹ ਪਾਰਟੀ ਅਤੇ ਉਸਦੀ ਸੋਚ ਨਾਲ ਜੁੜੇ ਰਹੇ ਹਨ।
ਭਾਜਪਾ ਵਲੋਂ ਆਪਣੇ ਬਲਬੂਤੇ ’ਤੇ ਪੰਜਾਬ ਵਿਚ 117 ਵਿਧਾਨ ਸਭਾ ਹਲਕਿਆ ਤੋਂ ਚੋਣ ਲੜਨ ਦੇ ਦਾਅਵੇ ਬਾਰੇ ਉਨ੍ਹਾਂ ਕਿਹਾ ਕਿ ਇਹ ਸਭਾ ਕੁਝ ‘ਮੁੰਗੇਰੀ ਲਾਲ ਦੇ ਸੁਪਨਿਆਂ’ ਵਰਗਾ ਹੈ। ਉਨਾਂ ਕਿਹਾ ਕਿ ਇਹ ਭਾਜਪਾ ਆਗੂ ਦਫਤਰਾਂ ਵਿਚ ਬੈਠ ਕੇ ਅਤੇ ਵਰਚੁਅਲ ਮੀਟਿੰਗਾਂ ਰਾਹੀਂ ਆਪਣੇ ਆਲੇ ਦੁਆਲੇ ਭਰਮ ਦਾ ਜਾਲ ਬਣਾ ਬੈਠੇ ਹਨ। ਇਸ ਵੇਲੇ ਸਥਿਤੀ ਇਹ ਹੈ ਕਿ ਉਹ ਇਕੱਲੇ ਬਿਨਾਂ ਸੁਰੱਖਿਆ ਛਤਰੀ ਤੋਂ ਘਰੋਂ ਬਾਹਰ ਵੀ ਨਹੀਂ ਨਿਕਲ ਸਕਦੇ।
ਪਾਰਟੀ ਦੇ ਇਸ ਫੈਸਲੇ ਨੂੰ ਉਨ੍ਹਾਂ ਦੁਖਦਾਈ ਆਖਦਿਆਂ ਕਿਹਾ ਕਿ ਉਨ੍ਹਾਂ ਪਾਰਟੀ ਲਈ ਤਿੰਨ ਦਹਾਕੇ ਤੋਂ ਵੱਧ ਸਮਾਂ ਤਨਦੇਹੀ ਨਾਲ ਕੰਮ ਕੀਤਾ ਹੈ। ਪਾਰਟੀ ਤੋਂ ਉਨਾਂ ਨੂੰ ਮਾਣ-ਸਨਮਾਨ ਵੀ ਮਿਲਿਆ ਹੈ ਪਰ ਹੁਣ ਪਾਰਟੀ ਦੀ ਸਾਖ ਬਚਾਉਣ, ਵਰਕਰਾਂ ਦੇ ਮਾਣ-ਸਨਮਾਨ ਦੀ ਰਾਖੀ ਲਈ ਅਤੇ ਕਿਸਾਨਾਂ ਦੀ ਗੱਲ ਸੁਣਨ ਲਈ ਕਹਿਣ ਦਾ ਇਹ ਸਿੱਟਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ।
‘ਕਿਸਾਨਾਂ ਦੀ ਪ੍ਰਵਾਨਗੀ ਨਾਲ ਉਨ੍ਹਾਂ ਨੂੰ ਨਮਸਕਾਰ ਕਰਨ ਜਾਵਾਂਗਾ’
ਦਿੱਲੀ ਵਿਖੇ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਮਿਲਣ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਹ ਕਿਸਾਨਾਂ ਦੀ ਪ੍ਰਵਾਨਗੀ ਨਾਲ ਉਨ੍ਹਾਂ ਨੂੰ ਨਮਸਕਾਰ ਕਰਨ ਲਈ ਜਾਣਗੇ। ਉਹ ਇਸ ਵੇਲੇ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ ਅਤੇ ਇਕ ਆਮ ਵਿਅਕਤੀ ਹਨ। ਇਸ ਲਈ ਪਿਛਲੇ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਜਾਣਗੇ।