ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਐਡਵੋਕੇਟ ਏਪੀਐੱਸ ਦਿਓਲ ਨਾਲ ਉਨ੍ਹਾਂ ਦੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਤਕਨੀਕੀ ਤੌਰ ’ਤੇ ਉਹ ਸਰਕਾਰ ਵੱਲੋਂ ਬੇਅਦਬੀ ਮਾਮਲੇ ਵਿੱਚ ਪੈਰਵੀ ਨਹੀਂ ਕਰ ਸਕਦੇ, ਇਸ ਲਈ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਸੀ। ਉਹ ਅੱਜ ਇੱਥੇ ਆਪਣੇ ਹਲਕੇ ਵਿੱਚ ਡੇਂਗੂ ਤੋਂ ਬਚਾਅ ਲਈ ਦਵਾਈ ਦਾ ਛਿੜਕਾਅ ਕਰਨ ਦੀ ਮੁਹਿੰਮ ਸ਼ੁਰੂ ਕਰਨ ਆਏ ਸਨ। ਉਨ੍ਹਾਂ ਆਖਿਆ ਕਿ ਏਜੀ ਏਪੀਐੱਸ ਦਿਓਲ ਇਸ ਤੋਂ ਪਹਿਲਾਂ ਕਥਿਤ ਮੁੱਖ ਦੋਸ਼ੀ ਵੱਲੋਂ ਸਰਕਾਰ ਖ਼ਿਲਾਫ਼ ਪੈਰਵੀ ਕਰ ਚੁੱਕੇ ਹਨ ਅਤੇ ਹੁਣ ਉਹ ਹੀ ਵਿਅਕਤੀ ਸਰਕਾਰ ਦੇ ਹੱਕ ਵਿਚ ਕਿਵੇਂ ਪੈਰਵੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਕੋਈ ਨਿੱਜੀ ਲੜਾਈ ਨਹੀਂ, ਸਗੋਂ ਮੁੱਦਿਆਂ ਦੀ ਲੜਾਈ ਸੀ।
ਉਪ ਮੁੱਖ ਮੰਤਰੀ ਦੇ ਜਵਾਈ ਨੂੰ ਵਧੀਕ ਐਡਵੋਕੇਟ ਜਨਰਲ ਦਾ ਅਹੁਦਾ ਦੇਣ ਦੇ ਹੋ ਰਹੇ ਵਿਰੋਧ ਦੇ ਮਾਮਲੇ ਵਿੱਚ ਡਾ. ਸਿੱਧੂ ਨੇ ਆਖਿਆ ਕਿ ਜੇ ਉਨ੍ਹਾਂ ਦੀ ਮੈਰਿਟ ਬਣਦੀ ਹੈ ਤਾਂ ਫਿਰ ਇਸ ਵਿੱਚ ਕੋਈ ਵਿਰੋਧ ਨਹੀਂ ਹੈ ਪਰ ਜੇ ਮੈਰਿਟ ਨਹੀਂ ਬਣਦੀ ਤਾਂ ਉਨ੍ਹਾਂ ਨੂੰ ਇਹ ਅਹੁਦਾ ਛੱਡ ਦੇਣਾ ਚਾਹੀਦਾ ਹੈ। ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ‘ਸਭ ਅੱਛਾ’ ਨਾ ਹੋਣ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਮੁੱਦੇ ’ਤੇ ਆਪਣੇ ਵਿਚਾਰ ਰੱਖਣਾ ਜਾਂ ਬਹਿਸ ਕਰਨਾ ਜਮਹੂਰੀਅਤ ਦਾ ਹਿੱਸਾ ਹੈ ਅਤੇ ਇਹ ਕੋਈ ਆਪਸੀ ਲੜਾਈ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਗਿਆਰਾਂ ਨਵੰਬਰ ਨੂੰ ਹੋਣ ਵਾਲੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਜਾਣਗੇ।
ਬਰਗਾੜੀ ਤੇ ਨਸ਼ਿਆਂ ਦੇ ਮਾਮਲੇ ਛੱਡ ਕੇ ਬਾਕੀ ਵਾਅਦੇ ਪੂਰੇ ਹੋਣ ਦਾ ਦਾਅਵਾ
ਅਕਾਲੀਆਂ ਵੱਲੋਂ ਲਾਏ ਜਾ ਰਹੇ ਦੋਸ਼ ਕਿ ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਹੁਣ ਵੀ ਜਿਵੇਂ ਦੇ ਤਿਵੇਂ ਹਨ, ਬਾਰੇ ਉਨ੍ਹਾਂ ਆਖਿਆ ਕਿ ਬਰਗਾੜੀ ਅਤੇ ਨਸ਼ਿਆਂ ਦੇ ਮਾਮਲੇ ਨੂੰ ਛੱਡ ਕੇ ਬਾਕੀ ਕਈ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਬੇਅਦਬੀ ਤੇ ਨਸ਼ਿਆਂ ਦੀ ਰੋਕਥਾਮ ਦਾ ਵਾਅਦਾ ਵੀ ਜਲਦੀ ਪੂਰਾ ਹੋਵੇਗਾ। ਇਸ ਸਬੰਧੀ ਕੰਮ ਚੱਲ ਰਿਹਾ ਹੈ। ਅਕਾਲੀਆਂ ਨੂੰ ਲੰਮੇ ਹੱਥੀਂ ਲੈਂਦਿਆਂ ਉਨ੍ਹਾਂ ਕਿਹਾ ਕਿ ਜਿਵੇਂ ਉਨ੍ਹਾਂ ਦੀਆਂ ਬੱਸਾਂ ਬੰਦ ਕੀਤੀਆਂ ਗਈਆਂ ਹਨ, ਉਸੇ ਤਰ੍ਹਾਂ ਪੰਜ ਤਾਰਾ ਹੋਟਲ ਵੀ ਬੰਦ ਕੀਤਾ ਜਾਵੇਗਾ ਅਤੇ ਬਿਜਲੀ ਸਮਝੌਤੇ ਵੀ ਰੱਦ ਹੋਣਗੇ।