ਕੇ.ਪੀ. ਸਿੰਘ
ਗੁਰਦਾਸਪੁਰ, 25 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਕਿਸੇ ਵੀ ਸਿਆਸੀ ਪਾਰਟੀ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ। ਪੰਜਾਬ ਦੇ ਵੋਟਰ ਇਸ ਵਾਰ ਮੁੱਖ ਮੰਤਰੀ ਦਾ ਚਿਹਰਾ ਵੇਖ ਕੇ ਹੀ ਨਵੀਂ ਸਰਕਾਰ ਦਾ ਫੈ਼ਸਲਾ ਲੈਣਗੇ। ਉਹ ਅੱਜ ਸ਼ਾਮ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਵਿੱਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਕਰਵਾਏ ਗਏ ਵਰਕਰਾਂ ਦੇ ਇੱਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਬਾਦਲ ਨੇ ਕਿਹਾ ਕਿ ਬਹੁਤ ਸਾਰੇ ਕਾਂਗਰਸੀ ਆਗੂ ਆਪਣੇ ਨਿੱਜੀ ਹਿੱਤਾਂ ਲਈ ਪੰਜਾਬ ਦੀ ਲੁੱਟ-ਖਸੁੱਟ ਕਰ ਰਹੇ ਹਨ ਅਤੇ ਬਦਲੇ ਦੀ ਭਾਵਨਾ ਨਾਲ ਅਕਾਲੀਆਂ ’ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਇਹ ਪਰਚੇ ਰੱਦ ਕੀਤੇ ਜਾਣਗੇ ਅਤੇ ਕਾਂਗਰਸ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ। ਸੁਖਬੀਰ ਬਾਦਲ ਹਲਕਾ ਗੁਰਦਾਸਪੁਰ ਦੇ ਇਕ ਰੋਜ਼ਾ ਦੌਰੇ ’ਤੇ ਅੱਜ ਸਵੇਰੇ ਇੱਥੇ ਪਹੁੰਚੇ ਸਨ।
ਵਿਰੋਧੀ ਪਾਰਟੀਆਂ ’ਤੇ ਹਮਲਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਾਂਗਰਸ ਦੀ ਮਜਬੂਰੀ ਬਣ ਗਿਆ ਸੀ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਅਕਾਲੀ ਸਰਕਾਰ ਬਣਨ ’ਤੇ ਦਲਿਤ ਵਰਗ ਦੇ ਕਿਸੇ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਉਣ ਦਾ ਐਲਾਨ ਕਰ ਚੁੱਕਿਆ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਕਿ ਗੁਰਦਾਸਪੁਰ ਦੇ ਵਕੀਲਾਂ ਨੂੰ ਚੈਂਬਰਾਂ ਦੇ ਨਿਰਮਾਣ ਲਈ ਉਨ੍ਹਾਂ ਪਹਿਲਾਂ ਵੀ ਇਕ ਕਰੋੜ ਰੁਪਏ ਦੀ ਗ੍ਰਾਂਟ ਦਿਵਾਈ ਸੀ ਅਤੇ ਹੁਣ ਅਕਾਲੀ ਸਰਕਾਰ ਬਣਨ ’ਤੇ ਉਨ੍ਹਾਂ ਨੂੰ ਮੁੜ ਚੈਂਬਰਾਂ ਲਈ ਗ੍ਰਾਂਟ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਸ਼ਹਿਰ ਵਿੱਚ ਸ਼ਿਵਾਲਾ ਮੰਦਿਰ, ਚੌਧਰੀ ਮਈਆ ਦਾਸ ਮਿਸਤਰੀ ਗੁਰਦੁਆਰਾ ਅਤੇ ਸਦਰ ਬਾਜ਼ਾਰ ਸਥਿਤ ਗਿਰਜਾਘਰ ’ਚ ਦਰਸ਼ਨ ਲਈ ਗਏ। ਸੁਖਬੀਰ ਬਾਦਲ ਦੇ ਸਵੇਰੇ ਗੁਰਦਾਸਪੁਰ ਪਹੁੰਚਣ ’ਤੇ ਇੱਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਸਥਾਨਕ ਬਟਾਲਾ ਰੋਡ ਸਥਿਤ ਪੈਲੇਸ ਤੋਂ ਰੋਡ ਮਾਰਚ ਸ਼ੁਰੂ ਕੀਤਾ ਗਿਆ। ਉਨ੍ਹਾਂ ਦੇ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੀ ਮੌਜੂਦ ਸਨ।
ਵਕੀਲਾਂ ਨੇ ਸੁਖਬੀਰ ਨੂੰ ਦੱਸੀਆਂ ਸਮੱਸਿਆਵਾਂ
ਜ਼ਿਲ੍ਹਾ ਕਚਹਿਰੀ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਸ਼ਰਮਾ ਨੇ ਵਕੀਲਾਂ ਨਾਲ ਸਬੰਧਤ ਕਈ ਮੰਗਾਂ ਸੁਖਬੀਰ ਬਾਦਲ ਅੱਗੇ ਰੱਖੀਆਂ। ਇਥੇ ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਵਕੀਲਾਂ ਦੀਆਂ ਸਾਰੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਮੰਨੀਆਂ ਜਾਣਗੀਆਂ। ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ ’ਤੇ ਵਕੀਲਾਂ ਦੀ ਭਲਾਈ ਲਈ ਇੱਕ ਵੈੱਲਫੇਅਰ ਬੋਰਡ ਬਣਾਇਆ ਜਾਵੇਗਾ, ਜਿਸ ਦਾ ਚੇਅਰਮੈਨ ਅਤੇ ਮੈਂਬਰ ਵਕੀਲ ਹੀ ਹੋਣਗੇ ਤੇ ਸਰਕਾਰ ਵੱਲੋਂ ਇਸ ਨੂੰ ਫ਼ੰਡ ਦਿੱਤੇ ਜਾਣਗੇ।