ਚਰਨਜੀਤ ਭੁੱਲਰ
ਚੰਡੀਗੜ੍ਹ, 3 ਮਾਰਚ
ਐਤਕੀਂ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ’ਚ ਬਹਿਸ ਦੌਰਾਨ ਕੇਂਦਰ ਸਰਕਾਰ ਦੀ ਕੋਈ ਬਾਂਹ ਫੜਨ ਵਾਲਾ ਨਹੀਂ ਦਿਖਿਆ। ਰਾਜਪਾਲ ਦੇ ਭਾਸ਼ਨ ’ਤੇ ਦੋ ਦਿਨਾਂ ਦੀ ਬਹਿਸ ਦੌਰਾਨ ਹਾਕਮ ਧਿਰ ਅਤੇ ਵਿਰੋੋਧੀ ਧਿਰਾਂ ਨੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਰੱਖਿਆ। ਹਾਲਾਂਕਿ ਸਦਨ ’ਚ ਭਾਜਪਾ ਦੇ ਦੋ ਮੈਂਬਰ ਦਿਨੇਸ਼ ਬੱਬੂ ਅਤੇ ਅਰੁਣ ਨਾਰੰਗ ਹਨ ਪ੍ਰੰਤੂ ਉਹ ਵਾਰੋ ਵਾਰੀ ਹੀ ਸਦਨ ’ਚ ਆਏ। ਅੱਜ ਹਾਕਮ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਸਦਨ ’ਚ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਬੋਲਣ ਨਹੀਂ ਦਿੱਤਾ।
ਹਾਕਮ ਧਿਰ ਦੇ ਵਿਧਾਇਕਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਸਬੰਧੀ ਮੋਦੀ ਸਰਕਾਰ ਨੂੰ ਰਗੜੇ ਲਾਉਣ ਲਈ ਕੋਈ ਮੌਕਾ ਖੁੰਝਣ ਨਹੀਂ ਦਿੱਤਾ। ਇਹ ਪਹਿਲਾ ਅਜਿਹਾ ਬਜਟ ਸੈਸ਼ਨ ਹੈ ਜਿਸ ਵਿੱਚ ਕੇਂਦਰ ਸਰਕਾਰ ਦਾ ਪੱਖ ਲੈਣ ਤੋਂ ਹੋਰ ਕੋਈ ਮੈਂਬਰ ਨਹੀਂ ਬਚਿਆ। ਪਿਛਲੇ ਅਰਸੇ ਦੌਰਾਨ ਜਦੋਂ ਐੱਨਡੀਏ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਨਾਤਾ ਸੀ ਤਾਂ ਉਦੋਂ ਅਕਾਲੀ ਵਿਧਾਇਕਾਂ ਤਰਫ਼ੋਂ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਜਾਂਦੀ ਰਹੀ ਹੈ। ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਪ੍ਰਾਜੈਕਟਾਂ ਨੂੰ ਉਭਾਰਿਆ ਜਾਂਦਾ ਰਿਹਾ ਹੈ। ਪੰਜਾਬ ਵਿੱਚ ਸਾਲ 2017 ’ਚ ਕਾਂਗਰਸ ਸਰਕਾਰ ਬਣਨ ਮਗਰੋਂ ਜਦੋਂ ਵੀ ਸੈਸ਼ਨ ਵਿੱਚ ਹਾਕਮ ਧਿਰ ਨੇ ਕੇਂਦਰ ਦੀ ਐੱਨਡੀਏ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਚਾਹਿਆ ਤਾਂ ਉਦੋਂ ਸਦਨ ’ਚ ਵਿਰੋਧੀ ਬੈਂਚਾਂ ਤੋਂ ਸ਼੍ਰੋਮਣੀ ਅਕਾਲੀ ਦਲ ਪੂਰੀ ਤਰ੍ਹਾਂ ਕੇਂਦਰ ਦੀ ਢਾਲ ਬਣਦਾ ਰਿਹਾ।
ਇਵੇਂ ਹੀ ਜਦੋਂ ਕੇਂਦਰ ਵਿੱਚ ਦਸ ਸਾਲ ਯੂਪੀਏ ਦੀ ਹਕੂਮਤ ਰਹੀ ਤਾਂ ਉਦੋਂ ਪੰਜਾਬ ਵਿਧਾਨ ਸਭਾ ਦੇ ਇਜਲਾਸਾਂ ਦੌਰਾਨ ਪੰਜਾਬ ਦੀ ਗੱਠਜੋੜ ਸਰਕਾਰ ਹਮੇਸ਼ਾ ਯੂਪੀਏ ਸਰਕਾਰ ਦੇ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਦਾ ਰਾਗ ਅਲਾਪਦੀ ਰਹੀ ਤਾਂ ਉਦੋਂ ਵਿਰੋਧੀ ਧਿਰ ’ਚ ਬੈਠੇ ਕਾਂਗਰਸੀ ਵਿਧਾਇਕ ਕੇਂਦਰ ਦੀ ਯੂਪੀਏ ਸਰਕਾਰ ਦੇ ਵਕੀਲ ਬਣ ਕੇ ਵਿਚਰਦੇ ਰਹੇ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਆਪੋ ਆਪਣੀ ‘ਹਾਈ ਕਮਾਨ’ ਦੀ ਪ੍ਰਸ਼ੰਸਾ ਕਰਦੇ ਰਹੇ। ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਐੱਨਡੀਏ ਨਾਲੋਂ ਨਾਤਾ ਟੁੱਟ ਗਿਆ ਹੈ ਤਾਂ ਬਜਟ ਇਜਲਾਸ ਦੌਰਾਨ ਕੋਈ ਵੀ ਮੋਦੀ ਸਰਕਾਰ ਦੀ ਬੋਲੀ ਬੋਲਣ ਵਾਲਾ ਵੱਡਾ ਹਮਾਇਤੀ ਨਹੀਂ ਬਚਿਆ।
ਪੰਜਾਬ ਚੋਣਾਂ-2022 ਵਿਚ ਕਰੀਬ ਇੱਕ ਸਾਲ ਦਾ ਅਰਸਾ ਬਚਿਆ ਹੈ। ਕੋਈ ਵੀ ਸਿਆਸੀ ਧਿਰ ਕੇਂਦਰੀ ਹਕੂਮਤ ਦੇ ਪਾਲੇ ਵਿੱਚ ਪੈਰ ਰੱਖ ਕੇ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਰਾਜਪਾਲ ਦੇ ਭਾਸ਼ਣ ਤੇ ਦੋ ਦਿਨਾਂ ਬਹਿਸ ਦੌਰਾਨ ਸਪੱਸ਼ਟ ਵੇਖਣ ਨੂੰ ਮਿਲਿਆ ਕਿ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ‘ਆਪ’ ਨੇ ਵੀ ਮੋਦੀ ਸਰਕਾਰ ਨੂੰ ਭੰਡਿਆ। ਕਾਂਗਰਸੀ ਵਿਧਾਇਕਾਂ ਨੇ ਪੰਜਾਬ ਨਾਲ ਕੇਂਦਰੀ ਅਨਿਆਂ ਦੀ ਗੱਲ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਇਸ ਗੱਲੋਂ ਘੇਰਾਬੰਦੀ ਕੀਤੀ ਕਿ ਉਨ੍ਹਾਂ ਨੇ ਐੱਨਡੀਏ ਨਾਲ ਨਾਤਾ ਹੁੰਦਿਆਂ ਕੇਂਦਰੀ ਖੇਤੀ ਆਰਡੀਨੈੱਸ ਅਤੇ ਬਿੱਲ ਆਏ। ਅੱਜ ਸਦਨ ’ਚ ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਇਲਜ਼ਾਮ ਲਾਏ ਕਿ ਭਾਜਪਾ ਅਤੇ ‘ਆਪ’ ਦੀ ਆਪਸੀ ਸਾਂਝ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਅਤੇ ਸ਼ਰਨਜੀਤ ਸਿੰਘ ਢਿਲੋਂ ਵੱਲੋਂ ਇਹ ਗੱਲ ਦਾਅਵੇ ਨਾਲ ਕਹੀ ਜਾਂਦੀ ਰਹੀ ਕਿ ਕਾਂਗਰਸ ਅਤੇ ਭਾਜਪਾ ਆਪਸ ਵਿੱਚ ਰਲ ਮਿਲ ਕੇ ਖੇਡ ਰਹੇ ਹਨ। ਰਾਜਪਾਲ ਦੇ ਭਾਸ਼ਣ ਮੌਕੇ ਲਾਲ ਗਲੀਚੇ ਵਿਛਾਏ ਜਾਣ ਨੂੰ ਅਕਾਲੀ ਮੈਂਬਰਾਂ ਨੇ ‘ਫਿਕਸ ਮੈਚ’ ਦੱਸਿਆ। ਆਮ ਆਦਮੀ ਪਾਰਟੀ ਤਰਫ਼ੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਅੰਦਰੋਂ ਯਾਰੀ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਾਰਿਆ ਗਿਆ। ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਕਮੇਟੀ ਚੋਣਾਂ ਨਾ ਹੋਣ ਪਿੱਛੇ ਮੋਦੀ ਸਰਕਾਰ ਅਤੇ ਕੈਪਟਨ ਸਰਕਾਰ ਦੀ ਆਪਸੀ ਸਾਂਝ ਵੱਡਾ ਕਾਰਨ ਹੈ।
ਹਾਊਸ ਵਿਚ ਸਭ ਧਿਰਾਂ ਵੱਲੋਂ ਮੁੱਖ ਤੌਰ ’ਤੇ ਭਾਸ਼ਣ ਦੌਰਾਨ ਕੇਂਦਰੀ ਖੇਤੀ ਕਾਨੂੰਨਾਂ ਦੀ ਗੱਲ ਉਭਾਰੀ ਗਈ। ਹਾਕਮ ਧਿਰ ਤੇ ਵਿਰੋਧੀ ਧਿਰਾਂ ਨੇ ਇੱਕ ਦੂਸਰੇ ਨੂੰ ‘ਦੋਸਤਾਨਾ ਮੈਚ’ ਖੇਡੇ ਜਾਣ ਨੂੰ ਲੈ ਕੇ ਨੁਕਤਾਚੀਨੀ ਕੀਤੀ। ਭਾਜਪਾ ਦਾ ਸਦਨ ਵਿਚ ਭਰਵਾ ਬਚਾਓ ਪੱਖ ਪੂਰੀ ਤਰ੍ਹਾਂ ਗਾਇਬ ਰਿਹਾ। ਬਜਟ ਇਜਲਾਸ ਦੇ ਪਹਿਲੇ ਦਿਨ ਜਦੋਂ ਰਾਜਪਾਲ ਭਾਸ਼ਣ ਲਈ ਸਦਨ ’ਚ ਆਏ ਤਾਂ ਉਨ੍ਹਾਂ ਨੂੰ ਕੇਂਦਰੀ ਦੂਤ ਆਖ ਕੇ ਵਿਰੋਧੀ ਧਿਰਾਂ ਨੇ ਨਾਅਰੇਬਾਜ਼ੀ ਕੀਤੀ।
ਕੇਜਰੀਵਾਲ ’ਤੇ ਸ਼ਬਦੀ ਹਮਲੇ
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਿਧਾਇਕ ਖੇਤੀ ਕਾਨੂੰਨਾਂ ਨੂੰ ਲੈ ਕੇ ਵਾਰ ਵਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਰਗੜੇ ਲਾਉਣ ਲਈ ਹਰ ਮੌਕਾ ਵਰਤ ਰਹੇ ਹਨ। ‘ਆਪ’ ਨੂੰ ਵਾਰ ਵਾਰ ਸਫਾਈ ਦੇਣੀ ਪੈਂਦੀ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ ਵੀ ਹਾਊਸ ਵਿੱਚ ‘ਆਪ’ ’ਤੇ ਕੋਈ ਵਾਰ ਕਰਦਾ ਹੈ ਤਾਂ ਹਾਕਮ ਧਿਰ ਮੇਜ਼ ਥਪਥਪਾਉਂਦੀ ਹੈ। ਖੇਤੀ ਕਾਨੂੰਨਾਂ ’ਤੇ ‘ਆਪ’ ਬਿਨਾਂ ਰੁਕੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਇੱਕੋ ਗਤੀ ਨਾਲ ਤੀਰ ਚਲਾਉਂਦੀ ਹੈ।