ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 13 ਮਈ
ਸਾਢੇ ਤਿੰਨ ਸੌ ਕਰੋੜ ਰੁਪਏ ਤੋਂ ਵੱਧ ਦੇ ਖਰਚੇ ਨਾਲ ਪੌਲੀਥੀਨ ਅਤੇ ਕੰਕਰੀਟ ਦੀ ਮੋਟੀ ਪਰਤ ਪਾ ਕੇ ਤਿਆਰ ਕੀਤੀ ਸਰਹਿੰਦ ਨਹਿਰ ਦੇ ਇਕ ਮਹੀਨੇ ਵਿੱਚ ਦੋ ਵਾਰ ਟੁੱਟਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੀ ਜਾਗ ਖੁੱਲ੍ਹੀ ਹੈ। ਅੱਜ ਸਿੰਜਾਈ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੌਕੇ ’ਤੇ ਪੁੱਜ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਬੇਤਹਾਸ਼ਾ ਪਾਣੀ ਵਾਲੀ ਇਸ ਨਹਿਰ ਦੇ ਪਿਛਲੇ ਇਕ ਮਹੀਨੇ ’ਚ ਦੋ ਵਾਰ ਟੁੱਟਣ ਤੋਂ ਬਾਅਦ ਨੁਕਸਾਨ ਦਾ ਬਚਾਅ ਇਸ ਕਰ ਕੇ ਹੁੰਦਾ ਰਿਹਾ ਹੈ ਕਿ ਇਸਦੇ ਬਰਾਬਰ ਹੀ ਵਗਦੀ ਰਾਜਸਥਾਨ ਨਹਿਰ ਮੁਰੰਮਤ ਵਾਸਤੇ ਖਾਲੀ ਕੀਤੀ ਗਈ ਹੈ, ਜਿਸ ਵਿੱਚ ਸਰਹਿੰਦ ਫੀਡਰ ਦਾ ਪਾਣੀ ਵੜ ਜਾਂਦਾ ਹੈ। ਜੇਕਰ ਰਾਜਸਥਾਨ ਨਹਿਰ ਵੀ ਭਰੀ ਹੋਈ ਹੋਵੇ ਤਾਂ ਇਹ ਪਾਣੀ ਉਛਲ ਹੋ ਕੇ ਦਰਜਨਾਂ ਪਿੰਡਾਂ ਦਾ ਨੁਕਸਾਨ ਕਰ ਸਕਦਾ ਹੈ। ਮੰਤਰੀ ਦੀ ਫੇਰੀ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸੁਖਮੰਦਰ ਸਿੰਘ ਨੇ ਸਿੰਜਾਈ ਮੰਤਰੀ ਪਾਸੋਂ ਮੰਗ ਕੀਤੀ ਹੈ ਕਿ ਨਹਿਰ ਵਿੱਚ ਪਾਣੀ ਪੂਰਾ ਨਾ ਹੋਣ ਕਰ ਕੇ ਉਨ੍ਹਾਂ ਦੀ ਜ਼ਮੀਨ ਬੰਜਰ ਹੋ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਠੇਕੇਦਾਰ ਅਤੇ ਨਹਿਰੀ ਵਿਭਾਗ ਵੱਲੋਂ ਕੀਤੀ ਗਈ ਕਥਿਤ ਘਪਲੇਬਾਜ਼ੀ ਕਾਰਨ ਨਹਿਰ ਥਾਂ-ਥਾਂ ਤੋਂ ਟੁੱਟ ਗਈ ਹੈ। ਨਹਿਰ ਦਾ ਸੀਮਿੰਟ ਭੁਰ ਰਿਹਾ ਹੈ। ਮੰਤਰੀ ਨੇ ਕਿਹਾ ਕਿ ਇਹ ਪਾੜ ਕਰੀਬ 250 ਫੁੱਟ ਹੈ, ਜਿਸ ਨੂੰ ਇਕ ਹਫ਼ਤੇ ’ਚ ਪੂਰ ਕੇ ਪਾਣੀ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਾਉਣ ਅਤੇ ਕਿਸੇ ਵੀ ਮੁਲਜ਼ਮ ਨੂੰ ਨਾ ਬਖਸ਼ਣ ਦਾ ਭਰੋਸਾ ਵੀ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਗਾਂਹ ਤੋਂ ਇਹ ਸਮੱਸਿਆ ਨਾ ਆਵੇ ਇਸ ਦਾ ਵੀ ਉਚੇਚੇ ਤੌਰ ’ਤੇ ਖਿਆਲ ਰੱਖਿਆ ਜਾਵੇਗਾ। ਨਹਿਰ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਰਿਪੋਰਟ ਆਉਣ ਤੋਂ ਬਾਅਦ ਸਖ਼ਤ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਨਹਿਰ ਟੁੱਟਣਾ ਕੋਈ ਕੁਦਰਤੀ ਵਰਤਾਰਾ ਨਹੀਂ ਸਗੋਂ ਕੋਈ ਤਕਨੀਕੀ ਖ਼ਰਾਬੀ ਹੈ।