ਚਰਨਜੀਤ ਭੁੱਲਰ
ਚੰਡੀਗੜ੍ਹ, 12 ਮਈ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ‘ਆਪ’ ਸਰਕਾਰ ਵੱਲੋਂ ਜੂਨ ਮਹੀਨੇ ਵਿੱਚ ਪੇਸ਼ ਕੀਤੇ ਜਾਣ ਵਾਲੇ ‘ਜਨਤਾ ਬਜਟ’ ਵਿੱਚ ਲੋਕਾਂ ਉੱਤੇ ਕੋਈ ਨਵਾਂ ਟੈਕਸ ਨਹੀਂ ਲਾਇਆ ਜਾਵੇਗਾ। ਉਨ੍ਹਾਂ ‘ਜਨਤਾ ਬਜਟ’ ਦੀ ਤਿਆਰੀ ਲਈ ਮਿਲੇ ਲੋਕ ਹੁੰਗਾਰੇ ਅਤੇ ਸੁਝਾਵਾਂ ’ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ‘ਜਨਤਾ ਬਜਟ 2022-23’ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਅਤੇ ਮਸ਼ਵਰਿਆਂ ਉੱਤੇ ਆਧਾਰਿਤ ਹੋਵੇਗਾ।
ਦੱਸਣਯੋਗ ਹੈ ਕਿ ‘ਆਪ’ ਸਰਕਾਰ ਨੇ ‘ਜਨਤਾ ਬਜਟ’ ਤਿਆਰ ਕਰਨ ਲਈ ਸਮੁੱਚੇ ਪੰਜਾਬ ਦੇ ਹਰ ਵਰਗ ਤੋਂ ਰਾਇ ਮਸ਼ਵਰਾ ਲੈਣ ਲਈ ਮੁਹਿੰਮ ਵਿੱਢੀ ਸੀ। ਇਸ ਸਬੰਧੀ ਪਹਿਲੀ ਤੋਂ 10 ਮਈ ਤੱਕ ਦੋ ਪੋਰਟਲ ਜਾਰੀ ਕਰ ਕੇ ਸੁਝਾਅ ਮੰਗੇ ਗਏ ਸਨ। ਵਿੱਤ ਮੰਤਰੀ ਨੇ ਪੰਜਾਬ ਦੇ ਸ਼ਹਿਰਾਂ ਅਤੇ ਵੱਖ-ਵੱਖ ਤਬਕਿਆਂ ਦੇ ਲੋਕਾਂ ਨਾਲ ਸੰਵਾਦ ਕਰ ਕੇ ਜਨਤਾ ਬਜਟ ਲਈ ਧਰਾਤਲ ਤਿਆਰ ਹੋਣ ਦਾ ਦਾਅਵਾ ਕੀਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ‘ਆਪ’ ਸਰਕਾਰ ਨੇ ਜਨਤਾ ਬਜਟ ਲਈ ਦਸ ਦਿਨਾਂ ਦੌਰਾਨ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸੁਝਾਅ ਦਿੱਤੇ ਹਨ, ਜਦੋਂ ਕਿ 500 ਦੇ ਕਰੀਬ ਮੈਮੋਰੰਡਮ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ 31 ਤੋਂ 40 ਸਾਲ ਉਮਰ ਵਰਗ ਦੇ ਲੋਕਾਂ ਨੇ ਸਭ ਤੋਂ ਵੱਧ 45.42 ਫ਼ੀਸਦੀ ਲੋਕਾਂ ਨੇ ਬਜਟ ਲਈ ਮਸ਼ਵਰਾ ਦਿੱਤਾ ਹੈ, ਜਦਕਿ 22 ਤੋਂ 30 ਸਾਲ ਉਮਰ ਵਰਗ ਦੇ 16.77 ਫ਼ੀਸਦੀ ਲੋਕਾਂ ਨੇ ਰਾਇ ਰੱਖੀ ਹੈ। 41 ਤੋਂ 50 ਸਾਲ ਦੇ 29.33 ਫ਼ੀਸਦੀ ਅਤੇ 50 ਸਾਲ ਤੋਂ ਉੱਪਰ ਦੇ 6.85 ਫ਼ੀਸਦੀ ਲੋਕਾਂ ਨੇ ਬਜਟ ਵਾਸਤੇ ਆਪਣੇ ਸੁਝਾਅ ਪੇਸ਼ ਕੀਤੇ ਹਨ।
ਸ੍ਰੀ ਚੀਮਾ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿੱਚੋਂ ਸਭ ਤੋਂ ਵੱਧ ਹੁੰਗਾਰਾ ਮਿਲਿਆ, ਜਿੱਥੋਂ 10.61 ਫ਼ੀਸਦੀ ਲੋਕਾਂ ਨੇ ਮਸ਼ਵਰਾ ਦਿੱਤਾ ਹੈ। ਪਟਿਆਲਾ ’ਚੋਂ 10 ਫ਼ੀਸਦੀ, ਫ਼ਾਜ਼ਿਲਕਾ ’ਚੋਂ 8.14 ਫ਼ੀਸਦੀ, ਬਠਿੰਡਾ ’ਚੋਂ 6 ਫ਼ੀਸਦੀ, ਅੰਮ੍ਰਿਤਸਰ ’ਚੋਂ 5.5 ਫ਼ੀਸਦੀ ਅਤੇ ਸੰਗਰੂਰ ’ਚੋਂ 5.71 ਫ਼ੀਸਦੀ ਸੁਝਾਅ ਪ੍ਰਾਪਤ ਹੋਏ ਹਨ। ਸ੍ਰੀ ਚੀਮਾ ਨੇ ਕਿਹਾ ਕਿ ਇਨ੍ਹਾਂ ਸੁਝਾਵਾਂ ਵਿੱਚ ਲੋਕਾਂ ਵੱਲੋਂ ਖੇਤੀ ਵਿਭਿੰਨਤਾ ਤੇ ਤਕਨਾਲੋਜੀ, ਖੇਤੀ ਆਧਾਰਿਤ ਸਨਅਤਾਂ, ਬਿਜਲੀ, ਪਾਣੀ, ਸਿੱਖਿਆ ਅਤੇ ਵਪਾਰ ਕਾਰੋਬਾਰ ਦੇ ਮਸਲੇ ਉਠਾਏ ਹਨ। ਇੰਸਪੈਕਟਰੀ ਰਾਜ ਖ਼ਤਮ ਕਰਨ ਵਾਰੇ ਮਸ਼ਵਰੇ ਦਿੱਤੇ ਗਏ ਹਨ। ਰੁਜ਼ਗਾਰ ਤੋਂ ਇਲਾਵਾ ਹਰ ਖੇਤਰ ਵਿੱਚ ਸੁਧਾਰਾਂ ਸਬੰਧੀ ਲੋਕ ਰਾਇ ਸਾਹਮਣੇ ਆਈ ਹੈ।
‘ਆਪ’ ਵੱਲੋਂ ਹਰ ਗਾਰੰਟੀ ਪੂਰੀਆਂ ਕਰਨ ਦਾ ਵਾਅਦਾ
ਵਿੱਤ ਮੰਤਰੀ ਚੀਮਾ ਨੇ ਮੰਗ ਉਠਾਈ ਕਿ ਕੇਂਦਰ ਸਰਕਾਰ ਜੀਐੱਸਟੀ ਮੁਆਵਜ਼ਾ ਰਾਸ਼ੀ ਨੂੰ ਜਾਰੀ ਰੱਖੇ ਅਤੇ ਇਹ ਰਾਸ਼ੀ ਬੰਦ ਨਹੀਂ ਹੋਣੀ ਚਾਹੀਦੀ ਹੈ। ਜਾਣਕਾਰੀ ਮੁਤਾਬਕ ਜੂਨ ਮਹੀਨੇ ਵਿੱਚ ਇਹ ਮੁਆਵਜ਼ਾ ਰਾਸ਼ੀ ਬੰਦ ਹੋ ਰਹੀ ਹੈ। ਸ੍ਰੀ ਚੀਮਾ ਨੇ ਦੱਸਿਆ ਕਿ ਉਹ ਬਦਲਵੇਂ ਪ੍ਰਬੰਧ ਵੀ ਤਲਾਸ਼ ਰਹੇ ਹਨ। ਉਹ ਜੀਐੱਸਟੀ ਕੌਂਸਲ ਵਿੱਚ ਵੀ ਇਹ ਮੁੱਦਾ ਚੁੱਕਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਟੈਕਸ ਵਸੂਲੀ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹੀ ਚੱਲਾਂਗੇ। ਸ੍ਰੀ ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਾਰੀਆਂ ਗਾਰੰਟੀਆਂ ਨੂੰ ਪੰਜ ਸਾਲਾਂ ਦੌਰਾਨ ਸਮੇਂ ਸਮੇਂ ’ਤੇ ਪੂਰਾ ਕੀਤਾ ਜਾਵੇਗਾ।
ਬਜਟ ਤਿਆਰੀ ਲਈ ਔਰਤਾਂ ਵੀ ਕੁੱਦੀਆਂ
ਜਨਤਾ ਬਜਟ ਲਈ ਪੰਜਾਬ ਵਿੱਚੋਂ ਔਰਤਾਂ ਨੇ ਵੀ ਯੋਗਦਾਨ ਪਾਇਆ ਹੈ। ਇਸ ਬਜਟ ਲਈ 4055 ਔਰਤਾਂ ਨੇ ਆਪਣੇ ਸੁਝਾਅ ਭੇਜੇ ਹਨ। ਸ੍ਰੀ ਚੀਮਾ ਨੇ ਕਿਹਾ ਕਿ ਔਰਤਾਂ ਘਰ ਦਾ ਬਜਟ ਤਾਂ ਤਿਆਰ ਕਰਦੀਆਂ ਹੀ ਹਨ ਅਤੇ ਹੁਣ ਉਨ੍ਹਾਂ ਦੇ ਸੁਝਾਅ ਪੰਜਾਬ ਦੇ ਬਜਟ ਲਈ ਬਿਹਤਰ ਸਾਬਤ ਹੋਣਗੇ। ਉਨ੍ਹਾਂ ਦੱਸਿਆ ਕਿ ਔਰਤਾਂ ਨੇ ਸਿੱਖਿਆ ਸੁਧਾਰਾਂ ਦੀ ਗੱਲ ਕੀਤੀ ਹੈ। ਨੌਜਵਾਨਾਂ ਨੇ ਰੁਜ਼ਗਾਰ, ਈ ਸ਼ਾਸਨ ਅਤੇ ਲਾਇਬ੍ਰੇਰੀਆਂ ਦੇ ਸੁਝਾਅ ਦਿੱਤੇ ਹਨ।