ਕਰਮਜੀਤ ਸਿੰਘ ਚਿੱਲਾ
ਬਨੂੜ, 2 ਜੁਲਾਈ
ਕਾਂਗਰਸ ਸਰਕਾਰ ਵੇਲੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਚੋਣ ਜ਼ਾਬਤਾ ਲੱਗਣ ਤੋਂ ਇੱਕ ਹਫ਼ਤਾ ਪਹਿਲਾਂ ਪੰਜਾਬ ਭਰ ਵਿੱਚ ਅਪਗਰੇਡ ਕੀਤੇ ਗਏ ਸਰਕਾਰੀ ਸਕੂਲਾਂ ਵਿੱਚ ਵਧਾਈਆਂ ਗਈਆਂ ਜਮਾਤਾਂ ਦੇ ਦਾਖਲੇ ਆਰੰਭ ਨਹੀਂ ਹੋ ਸਕੇ ਤੇ ਨਾ ਹੀ ਇਥੇ ਹੋਰ ਅਧਿਆਪਕ ਭੇਜੇ ਗਏ ਹਨ। ਇਸ ਕਾਰਨ ਪੰਚਾਇਤਾਂ ਅਤੇ ਬੱਚਿਆਂ ਦੇ ਮਾਪਿਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਚੰਨੀ ਸਰਕਾਰ ਵੇਲੇ ਪੰਜਾਬ ਭਰ ਵਿੱਚ 337 ਦੇ ਕਰੀਬ ਸਕੂਲਾਂ ਦਾ ਪ੍ਰਾਇਮਰੀ ਤੋਂ ਮਿਡਲ, ਮਿਡਲ ਤੋਂ ਹਾਈ ਅਤੇ ਹਾਈ ਤੋਂ ਸੀਨੀਅਰ ਸੈਕੰਡਰੀ ਦੇ ਰੂਪ ਵਿੱਚ ਦਰਜਾ ਵਧਾਇਆ ਗਿਆ ਸੀ। ਮੁਹਾਲੀ ਜ਼ਿਲ੍ਹੇ ਦੇ 23 ਦੇ ਕਰੀਬ ਸਕੂਲਾਂ ਦਾ ਦਰਜਾ ਵਧਾਏ ਜਾਣ ਸਬੰਧੀ ਸਿੱਖਿਆ ਵਿਭਾਗ ਵੱਲੋਂ ਅਧਿਸੂਚਨਾ ਜਾਰੀ ਕੀਤੀ ਗਈ ਸੀ ਬਨੂੜ ਖੇਤਰ ਵਿੱਚ ਮਨੌਲੀ ਸੂਰਤ, ਹੁਲਕਾ, ਖੇੜਾ ਗੱਜੂ, ਸਨੇਟਾ ਦੇ ਸਰਕਾਰੀ ਹਾਈ ਸਕੂਲਾਂ ਨੂੰ ਸੀਨੀਅਰ ਸੈਕੰਡਰੀ, ਖਾਸਪੁਰ, ਕਲੌਲੀ, ਸਿਆਊ ਦੇ ਮਿਡਲ ਸਕੂਲਾਂ ਨੂੰ ਹਾਈ, ਨਗਾਰੀ ਦੇ ਪ੍ਰਾਇਮਰੀ ਸਕੂਲ ਨੂੰ ਮਿਡਲ ਬਣਾਇਆ ਗਿਆ ਸੀ। ਇਨ੍ਹਾਂ ਸਾਰੇ ਸਕੂਲਾਂ ਵਿੱਚੋਂ ਕਿਸੇ ਵੀ ਸਕੂਲ ਵਿੱਚ ਵਧਾਈਆਂ ਗਈਆਂ ਕਲਾਸਾਂ ਦਾ ਅਜੇ ਤੱਕ ਕੋਈ ਅਧਿਆਪਕ ਨਹੀਂ ਆਇਆ ਅਤੇ ਨਾ ਹੀ ਕਿਸੇ ਸਕੂਲ ਵਿੱਚ ਨਵੀਆਂ ਕਲਾਸਾਂ ਦਾ ਦਾਖਲਾ ਆਰੰਭਿਆ ਗਿਆ ਹੈ। ਇਨ੍ਹਾਂ ਸਕੂਲਾਂ ਦੇ ਮੁਖੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਵੀਆਂ ਕਲਾਸਾਂ ਸਬੰਧੀ ਕੋਈ ਨਿਰਦੇਸ਼ ਹਾਲੇ ਤੱਕ ਨਹੀਂ ਮਿਲੇ। ਪਿੰਡ ਮਨੌਲੀ ਸੂਰਤ ਦੇ ਸਰਪੰਚ ਨੈਬ ਸਿੰਘ, ਹੁਲਕਾ ਦੇ ਸਰਪੰਚ ਮਨਜੀਤ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਖਜ਼ਾਨ ਸਿੰਘ ਹੁਲਕਾ, ਸਨੇਟਾ ਦੇ ਸਰਪੰਚ ਭਗਤ ਰਾਮ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਸਕੂਲਾਂ ਦਾ ਦਰਜਾ ਵਧਾਉਣ ਨਾਲ ਬੱਚਿਆਂ ਨੂੰ ਦੂਰ ਦੁਰੇਡੇ ਜਾਣ ਤੋਂ ਛੁਟਕਾਰਾ ਮਿਲਣਾ ਸੀ ਪਰ ਇਸ ਨਾਲ ਹਾਲੇ ਤਕ ਕੋਈ ਰਾਹਤ ਨਹੀਂ ਮਿਲੀ।
ਦਾਖ਼ਲਿਆਂ ਸਬੰਧੀ ਕੋਈ ਹਦਾਇਤ ਨਹੀਂ ਆਈ: ਜ਼ਿਲ੍ਹਾ ਸਿੱਖਿਆ ਅਫ਼ਸਰ
ਮੁਹਾਲੀ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਦੱਸਿਆ ਕਿ ਦਰਜਾ ਵਧਾਏ ਗਏ ਸਕੂਲਾਂ ਵਿੱਚ ਨਵੇਂ ਦਾਖਲਿਆਂ ਸਬੰਧੀ ਉੱਚ ਅਧਿਕਾਰੀਆਂ ਤੋਂ ਕੋਈ ਹਦਾਇਤ ਨਹੀਂ ਮਿਲੀ, ਜਦੋਂ ਤੱਕ ਪੰਜਾਬ ਸਰਕਾਰ ਵੱਲੋਂ ਨਵੇਂ ਨਿਰਦੇਸ਼ ਨਹੀਂ ਆਉਂਦੇ, ਉਦੋਂ ਤੱਕ ਇਨ੍ਹਾਂ ਸਕੂਲਾਂ ਵਿੱਚ ਪੁਰਾਣੇ ਦਰਜਿਆਂ ਅਨੁਸਾਰ ਹੀ ਦਾਖਲੇ ਹੋਣਗੇ।