ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਮੁੜ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਸਾਬਕਾ ਮੁੱਖ ਮੰਤਰੀ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੀਭੁਗਤ ਹੋਣ ਕਾਰਨ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਹੁਣ ਤੱਕ ਨਿਆਂ ਨਹੀਂ ਮਿਲਿਆ ਹੈ।
ਉਹ ਅੱਜ ਇਥੇ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਦੇ ਵਾਰਡ ਨੰਬਰ 44 ਤੇ 45 ਵਿੱਚ ਬਣੀਆਂ ਸੜਕਾਂ ਦਾ ਉਦਘਾਟਨ ਕਰਨ ਆਏ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸਲ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਕਾਲ ਦੌਰਾਨ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਸੀ ਕਿਉਂਕਿ ਕੈਪਟਨ ਨੇ ਅਕਾਲੀਆਂ ਨਾਲ ਹੱਥ ਮਿਲਾਏ ਹੋਏ ਸਨ। ਇਹੀ ਕਾਰਨ ਹੈ ਕਿ ਬੇਅਦਬੀ ਮਾਮਲੇ ਤੇ ਨਸ਼ਿਆਂ ਦੇ ਕਾਰੋਬਾਰ ਨਾਲ ਸਬੰਧਤ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਸੇ ਕਾਰਨ ਹੀ ਨਵਜੋਤ ਸਿੱਧੂ ਨੂੰ ਵੀ ਸਥਾਨਕ ਸਰਕਾਰਾਂ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਡੀਜੀਪੀ, ਏਜੀ ਤੇ ਹੋਰ ਅਹੁਦਿਆਂ ’ਤੇ ਨਿਯੁਕਤੀਆਂ ਦੇ ਮਾਮਲੇ ਵਿੱਚ ਨਵਜੋਤ ਸਿੱਧੂ ਨੇ ਦਖ਼ਲਅੰਦਾਜ਼ੀ ਇਸ ਲਈ ਕੀਤੀ ਕਿਉਂਕਿ ਇਨ੍ਹਾਂ ਅਹੁਦਿਆਂ ’ਤੇ ਉਹ ਵਿਅਕਤੀ ਨਿਯੁਕਤ ਕੀਤੇ ਗਏ, ਜੋ ‘ਦੂਜੀ ਧਿਰ’ ਨਾਲ ਮਿਲੇ ਹੋਏ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਹੁਦਿਆਂ ਵਾਸਤੇ ਨਿਯੁਕਤੀ ਮੈਰਿਟ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਉਮੀਦਵਾਰ ਬਣਾਏ ਜਾਣ ਦੀ ਚਰਚਾ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈ਼ਸਲਾ ਕਾਂਗਰਸ ਹਾਈਕਮਾਂਡ ਨੇ ਕਰਨਾ ਹੈ।