ਹਰਮੇਸ਼ ਪਾਲ ਨੀਲੇਵਾਲ
ਜ਼ੀਰਾ, 7 ਜੁਲਾਈ
ਇੱਥੋਂ ਦੀ ਸਿਵਲ ਕੋਰਟ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਪੇਸ਼ੀ ਭੁਗਤੀ। ਜ਼ਿਕਰਯੋਗ ਹੈ ਕਿ 2017 ਵਿੱਚ ਨੈਸ਼ਨਲ ਹਾਈਵੇਅ ਨੰਬਰ 54 ਜਾਮ ਕਰਨ ਨੂੰ ਲੈ ਕੇ ਥਾਣਾ ਮੱਖੂ ਵਿੱਚ ਸੁਖਬੀਰ ਬਾਦਲ ਤੋਂ ਇਲਾਵਾ ਕਈ ਹੋਰ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ ਪੇਸ਼ੀ ਭੁਗਤਣ ਲਈ ਅੱਜ ਸੁਖਬੀਰ ਬਾਦਲ ਸਿਵਲ ਅਦਾਲਤ ਪੁੱਜੇ।
ਪੇਸ਼ੀ ਭੁਗਤਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਫੋਕੀ ਸ਼ੋਹਰਤ ਖੱਟਣ ਵਿਚ ਲੱਗੀ ਹੋਈ ਹੈ ਜਿਸ ਕਾਰਨ ਸਰਕਾਰ ਵੱਲੋਂ ਮਿਆਦ ਪੁਗਾ ਚੁੱਕੇ ਟੌਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਨਾਮ ’ਤੇ ਬਣਾਏ ਗਏ ਮੁਹੱਲਾ ਕਲੀਨਿਕਾਂ ਵਿੱਚ ਸਿਹਤ ਸਹੂਲਤਾਂ ਨਹੀਂ ਮਿਲ ਰਹੀਆਂ ਅਤੇ ਹਸਪਤਾਲਾਂ ਵਿਚ ਵੀ ਮਰੀਜ਼ ਖੱਜਲ-ਖੁਆਰ ਹੋ ਰਹੇ ਹਨ। ਸਰਕਾਰ ਵੱਲੋਂ ਮੱਕੀ ਤੇ ਮੂੰਗੀ ਦੀਆਂ ਫ਼ਸਲਾਂ ਦੀ ਐੱਮਐੱਸਪੀ ’ਤੇ ਖਰੀਦ ਨਹੀਂ ਕੀਤੀ ਜਾ ਰਹੀ। ਦੂਜੇ ਪਾਸੇ ਸ੍ਰੀ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਪੰਜਾਬ ਵਾਸੀਆਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਕਾਰਨ ਮੁਲਾਜ਼ਮ, ਕਿਸਾਨ, ਵਪਾਰੀ ਤੇ ਦੁਕਾਨਦਾਰ ਸਰਕਾਰ ਤੋਂ ਅੱਕ ਚੁੱਕੇ ਹਨ।
ਕੋਟਕਪੂਰਾ ਗੋਲੀ ਕਾਂਡ: ਸੁਖਬੀਰ ਬਾਦਲ ਨੇ ਭੁਗਤੀ ਪੇਸ਼ੀ
ਫ਼ਰੀਦਕੋਟ (ਨਿੱਜੀ ਪੱਤਰ ਪ੍ਰੇਰਕ): ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਪੇਸ਼ੀ ਭੁਗਤੀ। ਇਸ ਕੇਸ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਅਤੇ ਆਈ.ਜੀ.ਅਮਰ ਸਿੰਘ ਚਾਹਲ ਨਿੱਜੀ ਤੌਰ ’ਤੇ ਹਾਜ਼ਰ ਹੋਏ ਜਦਕਿ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਟੀਮ ਵੱਲੋਂ ਅਦਾਲਤ ਵਿੱਚ ਜੋ ਚਲਾਨ ਪੇਸ਼ ਕੀਤਾ ਗਿਆ ਹੈ, ਉਸ ਚਲਾਨ ਦੀਆਂ ਮੁਕੰਮਲ ਨਕਲਾਂ ਮੁਲਜ਼ਮਾਂ ਨੂੰ ਨਹੀਂ ਦਿੱਤੀਆਂ ਗਈਆਂ ਅਤੇ ਮੁਲਜ਼ਮਾਂ ਨੂੰ ਮੁਹੱਈਆ ਕਰਵਾਏ ਗਏ ਦਸਤਾਵੇਜ਼ ਪੜ੍ਹਨਯੋਗ ਵੀ ਨਹੀਂ ਹੈ। ਦੂਜੇ ਪਾਸੇ ਵਿਸ਼ੇਸ਼ ਜਾਂਚ ਟੀਮ ਨੇ ਦੱਸਿਆ ਕਿ ਮੁਲਜ਼ਮ ਜਾਣ ਬੁੱਝ ਕੇ ਕੇਸ ਦੀ ਸੁਣਵਾਈ ਨੂੰ ਲਮਕਾਉਣ ਦੇ ਮਕਸਦ ਨਾਲ ਬੇਲੋੜੀਆਂ ਅਰਜ਼ੀਆਂ ਅਦਾਲਤ ਵਿੱਚ ਦੇ ਰਹੇ ਹਨ ਜਦੋਂਕਿ ਮੁਕੰਮਲ ਚਲਾਨ ਦੀਆਂ ਫੋਟੋਕਾਪੀਆਂ ਕਾਨੂੰਨ ਮੁਤਾਬਿਕ ਮੁਲਜ਼ਮਾਂ ਨੂੰ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਜੁਡੀਸ਼ਲ ਮੈਜਿਸਟਰੇਟ ਅਜੈਪਾਲ ਸਿੰਘ ਨੇ ਦੋਹਾਂ ਧਿਰਾਂ ਦੀ ਬਹਿਸ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 11 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ।