ਜਗਮੋਹਨ ਸਿੰਘ
ਘਨੌਲੀ, 6 ਅਕਤੂਬਰ
ਇਸ ਸਾਲ ਬਾਹਰਲੇ ਸੂਬਿਆਂ ਦੇ ਕਿਸਾਨਾਂ ਲਈ ਘਨੌਲੀ ਮੰਡੀ ਵਿੱਚ ਝੋਨਾ ਵੇਚਣਾ ਅਸੰਭਵ ਹੋ ਗਿਆ ਹੈ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ’ਤੇ ਘਨੌਲੀ ਅਨਾਜ ਮੰਡੀ ਨੂੰ ਆਉਂਦੇ ਰਸਤੇ ’ਤੇ ਪੁਲੀਸ ਤਾਇਨਾਤ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਪਿਛਲੇ ਸੀਜ਼ਨ ਦੌਰਾਨ ਵੀ ਬਾਹਰੀ ਰਾਜਾਂ ਦੇ ਕਿਸਾਨਾਂ ਦਾ ਝੋਨਾ ਖਰੀਦਣ ਦੀ ਮਨਾਹੀ ਸੀ, ਪਰ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਘਨੌਲੀ ਤੇ ਭਰਤਗੜ੍ਹ ਦੀਆਂ ਮੰਡੀਆਂ ਵਿੱਚ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਪੁਆ ਕੇ ਟੇਢੇ ਤਰੀਕੇ ਨਾਲ ਆਪਣੀ ਫਸਲ ਵੇਚਣ ਵਿੱਚ ਸਫਲ ਹੋ ਗਏ ਸਨ, ਜਿਸ ਕਰ ਕੇ ਪੰਜਾਬ ਦੇ ਬਹੁਤੇ ਕਿਸਾਨ ਆਪਣੀ ਫਸਲ ਵੇਚਣ ਤੋਂ ਵਾਂਝੇ ਰਹਿ ਗਏ ਸਨ। ਇਸ ਵਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਐੱਸਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਬਿੱਕੋਂ ਨੇੜੇ ਤਾਇਨਾਤ ਕੀਤੀ ਗਈ। ਪੁਲੀਸ ਦੀ ਟੁਕੜੀ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਘਨੌਲੀ ਮੰਡੀ ਵੱਲ ਆਉਣ ਵਾਲੀਆਂ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਦੀਆਂ ਝੋਨੇ ਦੀਆਂ ਟਰਾਲੀਆਂ ਨੂੰ ਬੇਰੰਗ ਵਾਪਸ ਮੋੜਿਆ ਜਾ ਰਿਹਾ ਹੈ ਅਤੇ ਸਾਹੋਮਾਜਰਾ ਪਿੰਡ ਵਾਲੇ ਪਾਸਿਓਂ ਆਉਣ ਵਾਲੀਆਂ ਟਰਾਲੀਆਂ ਦੀ ਵੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵੱਲ ਆਉਂਦੇ ਚੋਰ ਰਸਤਿਆਂ ’ਤੇ ਵੀ ਪੁਲੀਸ ਵੱਲੋਂ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਹਿਮਾਚਲ ਦੇ ਕਿਸਾਨਾਂ ਦਾ ਘਨੌਲੀ ਮੰਡੀ ਵਿੱਚ ਦਾਖਲਾ ਬੰਦ ਹੋਣ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਰਾਹਤ ਮਿਲਣ ਲੱਗੀ ਹੈ।