ਜੈਸਮੀਨ ਭਾਰਦਵਾਜ
ਨਾਭਾ, 2 ਜਨਵਰੀ
ਰਿਆਸਤੀ ਹਲਕੇ ਨਾਭਾ ਵਿੱਚ ਥਾਂ-ਥਾਂ ਖੁੱਲ੍ਹੇ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰਾਂ ਦਾ ਕੰਮਕਾਜ ਜ਼ੋਰਾਂ ’ਤੇ ਹੈ ਪਰ ਹੋਰ ਸਾਰੇ ਕਾਰੋਬਾਰਾਂ ’ਤੇ ਮੰਦੀ ਛਾਈ ਹੋਈ ਹੈ। ਹਸਪਤਾਲ ਵਿੱਚ ਡਾਕਟਰਾਂ ਅਤੇ ਲੋੜੀਂਦੀਆਂ ਮਸ਼ੀਨਾਂ ਦੀ ਘਾਟ ਹੈ। ‘ਮਹਾਨਕੋਸ਼’ ਦੇ ਰਚੇਤਾ ਭਾਈ ਕਾਨ੍ਹ ਸਿੰਘ ਦੀ ਇਤਿਹਾਸਕ ਨਗਰੀ ਨਾਭਾ ਵਿੱਚ ਲੱਖਾਂ ਰੁਪਏ ਖਰਚ ਕੇ ਬਣਾਈ ਗਈ ਸਰਕਾਰੀ ਲਾਇਬ੍ਰੇਰੀ ਵੀ ਲਾਇਬ੍ਰੇਰੀਅਨ ਦੀ ਘਾਟ ਕਾਰਨ ਸਿਰਫ ਇੱਕ ਦਿਨ ਹੀ ਖੁੱਲ੍ਹਦੀ ਹੈ। ਇੱਥੇ ਮਨਰੇਗਾ ਮਜ਼ਦੂਰਾਂ ਸਮੇਤ ਦਲਿਤ ਵਰਗ ਦੇ ਲੋਕ ਹੱਕਾਂ, ਰੁਜ਼ਗਾਰ, ਭੁੱਖਮਰੀ ਅਤੇ ਪਾਣੀ ਦੀ ਨਿਕਾਸੀ ਸਮੇਤ ਹੋਰ ਮੁੱਦਿਆਂ ’ਤੇ ਲਗਾਤਾਰ ਧਰਨੇ ਮੁਜ਼ਾਹਰੇ ਕਰਦੇ ਰਹੇ ਹਨ। ਪਿੰਡਾਂ ਦੀ ਸ਼ਾਮਲਾਟ ਵਿੱਚੋਂ ਤੀਜੇ ਹਿੱਸੇ ਦੀ ਰਾਖਵੀਂ ਜ਼ਮੀਨ ਲਈ ਵੀ ਦਲਿਤ ਵਰਗ ਅਤੇ ਪ੍ਰਸ਼ਾਸਨ ਆਹਮੋ-ਸਾਹਮਣੇ ਹੁੰਦੇ ਰਹੇ ਹਨ।
ਸਾਬਕਾ ਸਮਾਜ ਭਲਾਈ ਮੰਤਰੀ ਧਰਮਸੋਤ ਨੇ ਦੱਸਿਆ ਕਿ ਮਨਰੇਗਾ ਤੇ ਬਾਕੀ ਕਾਨੂੰਨ ਨਾਭਾ ਵਿੱਚ ਸੁਚੱਜੇ ਢੰਗ ਨਾਲ ਲਾਗੂ ਹੁੰਦੇ ਰਹੇ ਹਨ, ਬੱਸ ਕੁਝ ਵਿਰੋਧੀ ਲੋਕਾਂ ਦਾ ਮਕਸਦ ਕੇਵਲ ਵਿਰੋਧ ਹੀ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ 100 ਕਰੋੜ ਤੋਂ ਉੱਪਰ ਦੇ ਵਿਕਾਸ ਕਾਰਜ ਹੋਏ ਅਤੇ ਹਰ ਪਿੰਡ ਵਿੱਚ 60 ਲੱਖ ਤੋਂ 1.5 ਕਰੋੜ ਤੱਕ ਦੇ ਵਿਕਾਸ ਕਾਰਜ ਕਰਵਾਏ ਗਏ।
ਭਾਜਪਾ ਯੁਵਾ ਮੋਰਚਾ ਦੇ ਸੂਬਾ ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਹੁਣ ਸਿਨੇਮਾ ਰੋਡ, ਅਜੀਤ ਨਗਰ ਸਮੇਤ ਸ਼ਹਿਰ ਦੇ ਉਨ੍ਹਾਂ ਉੱਚੇ ਇਲਾਕਿਆਂ ਵਿੱਚ ਘਰ, ਦੁਕਾਨਾਂ ਬਰਸਾਤੀ ਪਾਣੀ ਦੀ ਮਾਰ ਹੇਠ ਹੁੰਦੇ ਹਨ, ਜਿਥੇ ਉਨ੍ਹਾਂ ਆਪਣੇ ਜੀਵਨ ਵਿੱਚ ਕਦੇ ਪਾਣੀ ਖੜ੍ਹਾ ਨਹੀਂ ਦੇਖਿਆ ਸੀ। ਥਾਂ-ਥਾਂ ਗੰਦਗੀ ਦੇ ਢੇਰ ਰਿਆਸਤੀ ਸ਼ਹਿਰ ਦੀ ਦਿੱਖ ਨੂੰ ਧੱਬਾ ਲਾਉਂਦੇ ਹਨ।
ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਦੇ ਸੂਬਾ ਪ੍ਰਧਾਨ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਨਾਭਾ ਸਿਵਲ ਹਸਪਤਾਲ ਦੀਆਂ 32 ਵਿੱਚੋਂ 24 ਅਸਾਮੀਆਂ ਹੀ ਭਰੀਆਂ ਹੋਈਆਂ ਹਨ। ਐੱਨਸਥੀਸੀਆ ਡਾਕਟਰ ਤੇ ਮਸ਼ੀਨਰੀ ਦੀ ਘਾਟ ਕਾਰਨ ਨਾਭਾ ਹਸਪਤਾਲ ਐਮਰਜੈਂਸੀ ਕੇਸਾਂ ਵਿੱਚ ਮੁੱਢਲਾ ਇਲਾਜ ਦੇ ਕੇ ਪਟਿਆਲਾ ਵੱਲ ਰੈਫ਼ਰ ਕਰਨ ਯੋਗ ਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਬੀਰ ਦਾਸ ਨੇ ਸਰਕਾਰੀ ਸਕੀਮਾਂ ਵਿੱਚ ਪਾਰਟੀਬਾਜ਼ੀ ਨੂੰ ਉੱਪਰ ਰੱਖਣ ਦੇ ਦੋਸ਼ ਵੀ ਲਗਾਏ।
“ਸ਼ਹਿਰ ਵਿੱਚ 100 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਹੋਏ।” -ਸਾਧੂ ਸਿੰਘ ਧਰਮਸੋਤ, ਕਾਂਗਰਸ |
“ਸਿਵਲ ਹਸਪਤਾਲ ਦੀਆਂ 32 ਵਿੱਚੋਂ 24 ਅਸਾਮੀਆਂ ਹੀ ਭਰੀਆਂ।”
-ਗਿਆਨ ਸਿੰਘ ਮੰਗੂ, ‘ਆਪ’ |
“ਸਰਕਾਰੀ ਸਕੀਮਾਂ ਵਿੱਚ ਪਾਰਟੀਬਾਜ਼ੀ ਨੂੰ ਉੱਪਰ ਰੱਖਿਆ।”
-ਕਬੀਰ ਦਾਸ, ਅਕਾਲੀ ਦਲ |