ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੂਨ
ਮੁੱਖ ਅੰਸ਼
- ਸੰਗਰੂਰ ਦੇ ਲੋਕਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦਾ: ਭਗਵੰਤ ਮਾਨ
- ਰੋਡ ਸ਼ੋਅ ਦਾ ਥਾਂ-ਥਾਂ ਭਰਵਾਂ ਸਵਾਗਤ
ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਆਖ਼ਰੀ ਦੌਰ ’ਚ ਪੁੱਜੇ ਚੋਣ ਪ੍ਰਚਾਰ ਦੌਰਾਨ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਹ ਪਹਿਲੀ ਫੇਰੀ ਹੈ। ਸਥਾਨਕ ਮਾਤਾ ਕਾਲੀ ਦੇਵੀ ਮੰਦਿਰ ਤੋਂ ਸ਼ੁਰੂ ਹੋਏ ਰੋਡ ਸ਼ੋਅ ਦਾ ਸ਼ਹਿਰ ਵਿਚ ਥਾਂ ਥਾਂ ’ਤੇ ਭਰਵਾਂ ਸਵਾਗਤ ਕੀਤਾ ਗਿਆ।
ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦਾ ਸਫ਼ਾਇਆ ਕਰ ਰਹੀ ਹੈ। ਭ੍ਰਿਸ਼ਟਾਚਾਰ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। ਭ੍ਰਿਸ਼ਟਾਚਾਰ ਕਰਨ ਵਾਲਾ ਭਾਵੇਂ ਆਪਣਾ ਹੋਵੇ ਜਾਂ ਬੇਗਾਨਾ ਹੋਵੇ, ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦਾ ਆਪਣਾ ਇੱਕ ਮੰਤਰੀ ਭ੍ਰਿਸ਼ਟਾਚਾਰ ਕਰਦਾ ਫੜਿਆ ਗਿਆ ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਜੇਲ੍ਹ ਭੇਜ ਦਿੱਤਾ। ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਹੜੇ ਵੀ ਭ੍ਰਿਸ਼ਟਾਚਾਰ ਵਿਚ ਦੋਸ਼ੀ ਪਾਏ ਜਾਣਗੇ, ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ 1 ਜੁਲਾਈ ਤੋਂ ਪੂਰੇ ਪੰਜਾਬ ਵਿਚ ਬਿਜਲੀ ਦੀ ਮੁਫ਼ਤ ਸਹੂਲਤ ਸ਼ੁਰੂ ਹੋ ਰਹੀ ਹੈ ਜਦਕਿ ਬਾਕੀ ਸਾਰੀਆਂ ਗਾਰੰਟੀਆਂ ਉਪਰ ਕੰਮ ਚੱਲ ਰਿਹਾ ਹੈ ਅਤੇ ਜਲਦ ਸਭ ਗਾਰੰਟੀਆਂ ਪੂਰੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਤੋਂ ਬਾਅਦ ਗੁਰਮੇਲ ਸਿੰਘ ਲੋਕ ਸਭਾ ’ਚ ਪੰਜਾਬ ਦੀ ਆਵਾਜ਼ ਉਠਾਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਦੀ ਧਰਤੀ ਇਨਕਲਾਬੀ ਹੈ ਜਿੱਥੋਂ ਦੇ ਲੋਕ ਪੂਰੇ ਦੇਸ਼ ਵਿਚ ਬਦਲਾਅ ਕਰਨ ਲਈ ਮਸ਼ਹੂਰ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਜਿਹੜਾ ਇਨਕਲਾਬ ਆਇਆ ਹੈ ਉਸ ਦੀ ਸ਼ੁਰੂਆਤ 2014 ਵਿੱਚ ਸੰਗਰੂਰ ਦੇ ਲੋਕਾਂ ਨੇ ਹੀ ਕੀਤੀ ਸੀ। ਮਾਨ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਦੀ ਬਦੌਲਤ ਹੀ ਉਹ ਮੁੁੱਖ ਮੰਤਰੀ ਦੇ ਅਹੁਦੇ ਤੱਕ ਪੁੱਜੇ ਸਨ ਅਤੇ ਉਹ ਜ਼ਿੰਦਗੀ ਭਰ ਸੰਗਰੂਰ ਦੇ ਲੋਕਾਂ ਦਾ ਕਰਜ਼ ਨਹੀਂ ਉਤਾਰ ਸਕਦੇ। ਉਨ੍ਹਾਂ ਕਿਹਾ ਕਿ ਸੰਗਰੂਰ ਨੇੜੇ ਮਸਤੂਆਣਾ ਸਾਹਿਬ ’ਚ ਦੇਸ਼ ਦਾ ਸਭ ਤੋਂ ਬਿਹਤਰ ਮੈਡੀਕਲ ਕਾਲਜ ਬਣਾਇਆ ਜਾਵੇਗਾ ਅਤੇ ਸੰਗਰੂਰ ਨੂੰ ਦੇਸ਼ ਦਾ ਉਦਯੋਗਿਕ ਹੱਬ ਵੀ ਬਣਾਵਾਂਗੇ ਤੇ ਪੰਜਾਬ ’ਚੋਂ ਬੇਰੁਜ਼ਗਾਰੀ ਜੜ੍ਹੋਂ ਖਤਮ ਕਰਾਂਗੇ।