ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਫਰਵਰੀ
ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਪੰਜਾਬ ਦੀ ਵਿਧਾਨ ਸਭਾ ਦਾ 16 ਵਾਰ ਗਠਨ ਹੋ ਚੁੱਕਿਆ ਹੈ। 17ਵੀਂ ਵਾਰ ਲਈ ‘ਜੰਗ’ ਜਾਰੀ ਹੈ। ਸਿਆਸੀ ਆਗੂ ਹਰ ਵਾਰ ਲੋਕਾਂ ਨਾਲ ਵਾਅਦੇ ਅਤੇ ਵਿਕਾਸ ਦੇ ਦਾਅਵੇ ਕਰਦੇ ਹਨ, ਪਰ ਹਕੀਕਤ ’ਚ ਹਾਲੇ ਤੱਕ ਵੀ ਇਹ ਮਸਲੇ ਗਲੀਆਂ, ਨਾਲੀਆਂ ਤੇ ਪੀਣ ਲਾਇਕ ਸਾਫ਼ ਪਾਣੀ ਮੁਹੱਈਆ ਕਰਾਉਣ ਤੋਂ ਅੱਗੇ ਨਹੀਂ ਵੱਧ ਸਕੇ ਹਨ। ਗਰੀਬੀ, ਮਹਿੰਗਾਈ, ਨਸ਼ੇ, ਬੇਰੁਜ਼ਗਾਰੀ, ਸਿੱਖਿਆ ਤੇ ਸਿਹਤ ਸਮੱਸਿਆਵਾਂ ਸਣੇ ਦਾਜ ਵਰਗੇ ਗੰਭੀਰ ਮੁੱਦੇ ਹਾਲੇ ਤੱਕ ਵੀ ਕਿਸੇ ਪਾਰਟੀ ਦੇ ਏਜੰਡਿਆਂ ਵਿੱਚ ਆਪਣੀ ਥਾਂ ਨਹੀਂ ਬਣਾ ਸਕੇ ਹਨ।
ਦੱਸਣਯੋਗ ਹੈ ਕਿ ਪੰਜਾਬ ’ਤੇ ਸਭ ਤੋਂ ਵੱਧ ਸਮਾਂ ਕਾਂਗਰਸ ਪਾਰਟੀ ਨੇ (9 ਵਾਰ) ਰਾਜ ਕੀਤਾ ਹੈ, ਉਸ ਤੋਂ ਬਾਅਦ 6 ਵਾਰ ਅਕਾਲੀ ਦਲ ਨੇ ਅਪਾਣੀ ਸਰਕਾਰ ਬਣਾਈ। ਇਸ ਦੌਰਾਨ ਇਕ-ਇਕ ਵਾਰੀ ਅਕਾਲੀ ਦਲ ਸੰਤ ਫਤਿਹ ਸਿੰਘ ਤੇ ਪੰਜਾਬ ਜਨਤਾ ਪਾਰਟੀ ਵੀ ਸੱਤਾ ਵਿੱਚ ਆਈਆਂ। ਜੇਕਰ ਮੁੱਖ ਮੰਤਰੀਆਂ ਦੇ ਕਾਰਜਕਾਲ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਸਮਾਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰ ਮੁੱਖ ਮੰਤਰੀ ਵਜੋਂ ਰਾਜ-ਭਾਗ ਸੰਭਾਲਿਆ, ਜਦਕਿ ਕਾਂਗਰਸ ਦੇ ਗੋਪੀ ਚੰਦ ਭਾਰਗਵ ਅਤੇ ਪ੍ਰਤਾਪ ਸਿੰਘ ਕੈਰੋਂ ਨੇ 3-3 ਵਾਰ ਅਤੇ ਇਸੇ ਪਾਰਟੀ ਦੇ ਭੀਮ ਸੈਨ ਸੱਚਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ 2-2 ਵਾਰ ਮੁੱਖ ਮੰਤਰੀ ਰਹੇ ਹਨ। ਇਸ ਦੇ ਉਲਟ ਇਨ੍ਹਾਂ ਪੰਜਾਬ ਦੇ ਲੀਡਰਾਂ ਨੇ ਹੁਣ ਤੱਕ ਪੰਜਾਬ ਦੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੋਈ ਵੱਡਾ ਹੰਭਲਾ ਨਹੀਂ ਮਾਰਿਆ।
ਪੰਜਾਬ ਦੇ ਆਮ ਲੋਕ ਹਾਲੇ ਵੀ ਰੋਟੀ ਪਾਣੀ ਵਰਗੀਆਂ ਲੋੜਾਂ ਪੂਰੀਆਂ ਕਰਨ ਲਈ ਹੱਡ ਤੋੜ ਮਿਹਨਤ ਕਰਨ ਲਈ ਮਜਬੂਰ ਹਨ। ਪਿੰਡ ਖੁੰਡੇ ਹਲਾਲ ਦੀ ਮਾਤਾ ਸੁਖਦੇਵ ਕੌਰ ਵਿਧਵਾ ਹੈ। ਮਹੀਨਾ ਪਹਿਲਾਂ ਉਸ ਦੇ ਪੁੱਤਰ ਚਮਕੌਰ ਸਿੰਘ ਦੀ ਵੀ ਮੌਤ ਹੋ ਗਈ। ਨਾ ਉਸ ਦੇ ਸਿਰ ’ਤੇ ਛੱਤ ਹੈ ਤੇ ਨਾ ਹੀ ਕੋਈ ਉਸ ਨੂੰ ਸੰਭਾਲਣ ਵਾਲਾ ਹੈ। ਗੋਨੇਆਣਾ ਰੋਡ ਮੁਕਤਸਰ ਦਾ 70 ਸਾਲਾ ਗੁਰਦੇਵ ਸਿੰਘ ਰੋਜ਼ ਸਵੇਰੇ ਲੇਬਰ ਚੌਕ ’ਚ ਦਿਹਾੜੀ ਦੀ ਭਾਲ ਵਿੱਚ ਖੜ੍ਹਦਾ ਹੈ। ਬੁੱਢਾ ਹੋਣ ਕਰਕੇ ਘੱਟ ਹੀ ਦਿਹਾੜੀ ਮਿਲਦੀ ਹੈ। ਮਿਲ ਜਾਵੇ ਤਾਂ ਕਹੀ ਚਲਾਉਣ ਜਾਂ ਰੋੜੀ ਕੁੱਟਣ ਦਾ ਕੰਮ ਕਰ ਲੈਂਦਾ ਹੈ। ਸਾਹ ਫੁੱਲਦਾ ਹੈ, ਪਰ ਦਿਖਣ ਨਹੀਂ ਦਿੰਦਾ ਕਿ ਮਾਲਕ ਨੂੰ ਪਤਾ ਲੱਗ ਜਾਵੇਗਾ। ਇਹੀ ਹਾਲ 75 ਸਾਲਾ ਘੁੱਕਰ ਦਾ ਹੈ। ਉਹ ਪੰਜਾਹ ਸਾਲਾਂ ਤੋਂ ਖੋਤਾ ਰੇਹੜੀ ਵਾਹ ਰਿਹਾ ਹੈ। ਹੁਣ ਰੇਹੜੀ ’ਤੇ ਸਾਮਾਨ ਰੱਖਣ ਤੇ ਲਾਹੁਣ ਦਾ ਕੰਮ ਕਰਦਾ ਹੈ। ਕੰਮ ਨਾ ਕਰੇ ਤਾਂ ਘਰ ਰੋਟੀ ਨਹੀਂ ਪੱਕਦੀ। ਯੂਪੀ ਦਾ 70 ਸਾਲਾ ਰੇਵਤੀ ਪਿਛਲੇ ਪੰਜ ਸਾਲਾਂ ਤੋਂ ਮੁਕਤਸਰ ਦੀਆਂ ਰੂੜੀਆਂ ਤੋਂ ਕਾਗਜ਼ ਚੁੱਗ ਕੇ ਆਪਣਾ ਤੇ ਪਿੱਛੇ ਪਰਿਵਾਰ ਦੇ ਪੰਜ ਜੀਆਂ ਦੀ ਢਿੱਡ ਪਾਲ ਰਿਹਾ ਹੈ। ਸਾਰਿਆਂ ਨੇ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਨੂੰ ਜ਼ਿੰਮੇਵਾਰ ਦੱਸਿਆ ਹੈ।