ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਿਧਾਨ ਸਭਾ ਚੋਣਾਂ ਦਾ ਬਾਈਕਾਟ ਨਹੀਂ ਕਰੇਗੀ ਸਗੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜਥੇਬੰਦੀ ਨੇ ਨਿਰਲੇਪ ਰਹਿਣ ਦਾ ਫ਼ੈਸਲਾ ਕੀਤਾ ਹੈ।
ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਕ ਬਿਆਨ ਰਾਹੀਂ ਸਪੱਸ਼ਟ ਕੀਤਾ ਕਿ ਨਿਰਲੇਪਤਾ ਦੀ ਜਥੇਬੰਦਕ ਨੀਤੀ ਮੁਤਾਬਕ ਕਿਸੇ ਵੀ ਪੱਧਰ ਦੀਆਂ ਸਰਕਾਰੀ ਚੋਣਾਂ ਵਿੱਚ ਜਥੇਬੰਦੀ ਦਾ ਬਲਾਕ ਤੋਂ ਸੂਬਾ ਪੱਧਰ ਤੱਕ ਦਾ ਕੋਈ ਵੀ ਆਗੂ ਨਾ ਤਾਂ ਖ਼ੁਦ ਉਮੀਦਵਾਰ ਖੜ੍ਹ ਸਕਦਾ ਹੈ ਅਤੇ ਨਾ ਹੀ ਕਿਸੇ ਉਮੀਦਵਾਰ ਦੀ ਹਮਾਇਤ ਕਰ ਸਕਦਾ ਹੈ। ਹਰ ਜਥੇਬੰਦਕ ਮੈਂਬਰ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਜਾਂ ਨਾ ਪਾਉਣ ਦਾ ਜਮਹੂਰੀ ਹੱਕ ਹੈ। ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਦੇ ਭਖਦੇ ਮਸਲਿਆਂ ਦਾ ਜਦੋਂ ਵੀ ਕੋਈ ਹੱਲ ਹੋਇਆ ਹੈ, ਹਮੇਸ਼ਾ ਜਾਨ ਹੂਲਵੇਂ ਸੰਘਰਸ਼ਾਂ ਰਾਹੀਂ ਹੀ ਹੋਇਆ ਹੈ।
ਵੋਟ ਸਿਆਸਤ ਰਾਹੀਂ ਕੁੱਝ ਵੀ ਹਾਸਲ ਨਹੀਂ ਹੁੰਦਾ। ਵੋਟਾਂ ਲੈਣ ਖਾਤਰ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ’ਚ ਕੀਤੇ ਗਏ ਵੱਡੇ-ਵੱਡੇ ਵਾਅਦੇ ਰਾਜਗੱਦੀ ’ਤੇ ਬੈਠਣ ਸਾਰ ਜੁਮਲੇ ਬਣ ਜਾਂਦੇ ਹਨ। ਇਸੇ ਤਰ੍ਹਾਂ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਸਿਆਸੀ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਇੱਕ ਹੋਰ ਭੁਲੇਖਾ ਪਾਉਣ ਦਾ ਯਤਨ ਇਹ ਕਹਿ ਕੇ ਕੀਤਾ ਹੈ ਕਿ ‘ਉਗਰਾਹਾਂ ਸਾਹਬ ਪ੍ਰੈੱਸ ਵਿੱਚ ਜੋ ਮਰਜ਼ੀ ਕਹੀ ਜਾਣ, ਪਰ ਉਹ ਚੋਣਾਂ ਵਿੱਚ ਸਾਡੇ ਸਿਆਸੀ ਮੋਰਚੇ ਨਾਲ ਹੀ ਖੜ੍ਹੇ ਹਨ’, ਇਹ ਵੀ ਗੁਮਰਾਹਕੁਨ ਪ੍ਰਚਾਰ ਹੀ ਹੈ। ਇਸ ’ਚ ਨਾਮਾਤਰ ਵੀ ਸੱਚਾਈ ਨਹੀਂ ਹੈ।
ਬਰਨਾਲਾ ਵਿੱਚ ਭਲਕੇ ਹੋਵੇਗੀ ਮੀਟਿੰਗ
ਕਿਸਾਨ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਜੁਝਾਰੂ ਕਿਰਤੀ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੇ ਸਾਰੇ ਭਰਮ-ਭੁਲੇਖਿਆਂ ਤੋਂ ਮੁਕਤ ਰਹਿਣਾ ਚਾਹੀਦਾ ਹੈ ਪਰ ਚੋਣਾਂ ਮੌਕੇ ਆਮ ਜਨਤਾ ਵਿੱਚ ਉਨ੍ਹਾਂ ਦੇ ਭਖਦੇ ਮਸਲਿਆਂ ਬਾਰੇ ਸੁਣਨ-ਸਮਝਣ ਦੀ ਵਿਆਪਕ ਰੁਚੀ ਨੂੰ ਮੁੱਖ ਰੱਖਦਿਆਂ ਜਥੇਬੰਦੀ ਦੀ ਤੈਅਸ਼ੁਦਾ ਨੀਤੀ ਮੁਤਾਬਕ ਪਹਿਲਾਂ ਵਾਂਗ ਹੀ ਕਿਸਾਨਾਂ ਤੇ ਸਮੂਹ ਕਿਰਤੀਆਂ ਦੀ ਜੂਨ ਤਬਾਹ ਕਰਨ ਵਾਲੇ ਨਿੱਜੀਕਰਨ, ਵਪਾਰੀਕਰਨ, ਸੰਸਾਰੀਕਰਨ, ਕਰਜ਼ਿਆਂ, ਖ਼ੁਦਕੁਸ਼ੀਆਂ, ਬੇਰੁਜ਼ਗਾਰੀ, ਮਹਿੰਗਾਈ ਤੇ ਨਸ਼ਿਆਂ ਵਰਗੇ ਅਹਿਮ ਮੁੱਦਿਆਂ ਅਤੇ ਇਨ੍ਹਾਂ ਦੇ ਹੱਲ ਲਈ ਜਾਨ ਹੂਲਵੇਂ ਸੰਘਰਸ਼ਾਂ ਦੀਆਂ ਤਿਆਰੀਆਂ ਬਾਰੇ ਜਾਗ੍ਰਿਤ ਅਤੇ ਚੇਤੰਨ ਕਰਨ ਦੀ ਜ਼ੋਰਦਾਰ ਮੁਹਿੰਮ ਹੁਣ ਵੀ ਚਲਾਈ ਜਾਵੇਗੀ। ਇਸ ਮੁਹਿੰਮ ਦੀ ਠੋਸ ਵਿਉਂਤਬੰਦੀ ਭਲਕੇ ਬਰਨਾਲਾ ਵਿੱਚ ਕੀਤੀ ਜਾ ਰਹੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ।