ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਫਰਵਰੀ
ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇਥੇ ਕਿਹਾ ਕਿ ਭਵਿੱਖ ਵਿਚ ਭਾਜਪਾ ਵਲੋਂ ਸ਼੍ਰ੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਹ ਇਥੇ ਅੰਮ੍ਰਿਤਸਰ ਸ਼ਹਿਰ ਦੇ ਪੰਜ ਹਲਕਿਆਂ ਵਿਚ ਭਾਜਪਾ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਪੁੱਜੇ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਵਿਚ ਚੋਣਾਂ ਤੋਂ ਬਾਅਦ ਸਥਿਤੀ ਕਿਸੇ ਵੀ ਤਰ੍ਹਾਂ ਦੀ ਹੋਵੇ, ਭਾਜਪਾ ਦਾ ਮੁੜ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਹੋ ਸਕਦਾ। ਉਨ੍ਹਾਂ ਇਸ ਸਬੰਧੀ ਚਲ ਰਹੀ ਚਰਚਾ ਨੂੰ ਬੇਬੁਨਿਆਦ ਆਖਿਆ। ਉਨ੍ਹਾਂ ਕਿਹਾ ਕਿ ਚੰਗਾ ਹੋਇਆ ਕਿ ਅਕਾਲੀ ਦਲ ਨਾਲੋਂ ਨਾਤਾ ਟੁੱਟ ਗਿਆ, ਜੇ ਉਹ ਨਾ ਛੱਡਦੇ ਤਾਂ ਭਾਜਪਾ ਵਲੋਂ ਉਨ੍ਹਾਂ ਨੂੰ ਛੱਡਿਆ ਜਾਣਾ ਸੀ। ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਬਹੁਤ ਮਹਿੰਗਾ ਪਿਆ ਹੈ।
ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ ਦੋਵਾਂ ਕੋਲ ਹੀ ਕਿਸੇ ਸਰਹੱਦੀ ਸੂਬੇ ਨੂੰ ਚਲਾਉਣ ਦਾ ਤਜਰਬਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਪੰਜਾਬ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਆਈ ਤਾਂ ਇਕ ਲੱਖ ਕਰੋੜ ਰੁਪਏ ਨਾਲ ਮੁੱਢਲਾ ਢਾਂਚਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਵੀ ਸੂਬੇ ਵਿਚ ਭਾਜਪਾ ਸਰਕਾਰ ਹੈ, ਉਥੇ ਮਾਫੀਆ ਸ਼ਬਦ ਹੀ ਨਹੀਂ ਹੈ। ਜਦੋਂਕਿ ਪੰਜਾਬ ਵਿਚ ਲੈਂਡ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਦਾ ਰਾਜ ਹੈ। ਇਸ ਮੌਕੇ ਚੋਣ ਲੜ ਰਹੇ ਭਾਜਪਾ ਗਠਜੋੜ ਦੇ ਉਮੀਦਵਾਰ ਡਾ. ਜਗਮੋਹਨ ਸਿੰਘ ਰਾਜੂ , ਸੁਖਮਿੰਦਰ ਸਿੰਘ ਪਿੰਟੂ, ਹਰਜਿੰਦਰ ਸਿੰਘ ਠੇਕੇਦਾਰ , ਡਾ. ਰਾਮ ਚਾਵਲਾ ਮੌਜੂਦ ਸਨ।