ਕੁਲਵਿੰਦਰ ਕੌਰ ਦਿਓਲ
ਫਰੀਦਾਬਾਦ, 25 ਜਨਵਰੀ
ਪਲਵਲ ਮੋਰਚੇ ਤੋਂ ਕਿਸਾਨਾਂ ਦੇ ਟਰੈਕਟਰਾਂ ਨਾਲ ‘ਕਿਸਾਨ ਗਣਤੰਤਰ ਪਰੇਡ’ ਵਿੱਚ ਸ਼ਾਮਲ ਹੋਣ ਦੇ ਮੁੱਦੇ ’ਤੇ ਸਹਿਮਤੀ ਨਹੀਂ ਬਣੀ ਹੈ। ਕਿਸਾਨਾਂ ਨੇ ਪੁਲੀਸ ਨੂੰ ਆਖ ਦਿੱਤਾ ਹੈ ਕਿ ਉਹ ਪਰੇਡ ਵਿੱਚ ਆਪਣੇ ਟਰੈਕਟਰ ਲੈ ਕੇ ਜਾਣਗੇ। ਦੂਜੇ ਪਾਸੇ ਪੁਲੀਸ ਨੇ ਪਲਵਲ ਧਰਨੇ ਉੱਤੇ ਬੈਠੇ ਕਿਸਾਨਾਂ ਨੂੰ ਸਿਰਫ਼ ਬਦਰਪੁਰ ਬਾਰਡਰ ਤੱਕ ਹੀ ਜਾਣ ਦੀ ਆਗਿਆ ਦੇਣ ਦੀ ਗੱਲ ਦੋ ਮੀਟਿੰਗਾਂ ਵਿੱਚ ਕੀਤੀ ਹੈ। ਕਿਸਾਨਾਂ ਨੂੰ ਆਗਿਆ ਨਾ ਦਿੱਤੇ ਜਾਣ ਕਰਕੇ ਉਨ੍ਹਾਂ ਸੈਕਟਰ-21 ਦੇ ਪੁਲੀਸ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਗਟਾਇਆ ਅਤੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਡੀਸੀ ਯਸ਼ਪਾਲ ਨਾਲ ਵੀ ਮੁਲਾਕਾਤ ਕੀਤੀ ਪਰ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਦੀ ਆਗਿਆ ਨਹੀਂ ਮਿਲੀ। ਕਿਸਾਨਾਂ ਨੇ ਦੱਸਿਆ ਕਿ ਪਲਵਲ ਇਲਾਕੇ ਦੇ ਪਿੰਡਾਂ ਤੋਂ ਕਰੀਬ 1500 ਟਰੈਕਟਰ ਕਿਸਾਨ ਗਣਤੰਤਰ ਪਰੇਡ ਵਿੱਚ ਸ਼ਾਮਲ ਹੋਣਗੇ।
ਕਿਸਾਨਾਂ ਨੇ ਦੱਸਿਆ ਕਿ ਪਲਵਲ ਤੇ ਫਰੀਦਾਬਾਦ ਦੀ ਪੁਲੀਸ ਨਾਲ ਦੋ ਬੈਠਕਾਂ ਵਿੱਚ ਰੂਟ ਨੂੰ ਲੈ ਕੇ ਸਹਿਮਤੀ ਨਹੀਂ ਬਣੀ। ਪੁਲੀਸ ਨੇ ਉਨ੍ਹਾਂ ਨੂੰ ਟਿਕਰੀ ਜਾ ਕੇ ਉਸ ਮੋਰਚੇ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਹੈ ਜਿਸ ਨਾਲ ਕਿਸਾਨਾਂ ਨੂੰ 130 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰਨਾ ਪਵੇਗਾ।
ਕਿਸਾਨਾਂ ਵੱਲੋਂ ਪਰੇਡ ਵਿੱਚ ਹਿੱਸਾ ਲੈਣ ਲਈ ਦਿੱਲੀ ਦੇ ਆਸ਼ਰਮ ਤੱਕ ਜਾਣ ਦੀ ਮੰਗ ਪਲਵਲ ਤੇ ਫਰੀਦਾਬਾਦ ਪੁਲੀਸ ਦੇ ਜ਼ਿਲ੍ਹਾ ਅਧਿਕਾਰੀਆਂ ਕੋਲ ਕੀਤੀ ਗਈ। ਇਸ ਮਗਰੋਂ ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਭਲਕੇ 26 ਜਨਵਰੀ ਨੂੰ ਕੌਮੀ ਸ਼ਾਹ ਰਾਹ-2 ਉਪਰ ਦਿੱਲੀ ਵੱਲ ਕੂਚ ਜ਼ਰੂਰ ਕਰਨਗੇ।