ਹਰਜੀਤ ਸਿੰਘ
ਡੇਰਾਬੱਸੀ, 29 ਜਨਵਰੀ
ਹਲਕਾ ਡੇਰਾਬੱਸੀ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਨੂੰ ਆਪਣੇ ਅਤੇ ਆਪਣੀ ਪਰਿਵਾਰ ਦੀ ਪ੍ਰਾਪਰਟੀ ਸਬੰਧੀ ਦਿੱਤੀ ਗਈ ਜਾਣਕਾਰੀ ਮੁਤਾਬਕ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਸਭ ਤੋਂ ਅਮੀਰ ਉਮੀਦਵਾਰ ਹਨ ਜਦਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਕੋਲ ਸੱਤ ਕਰੋੜ ਰੁਪਏ ਦੀ ਜਾਇਦਾਦ ਹੈ।
ਐਨ.ਕੇ. ਸ਼ਰਮਾ ਕੋਲ 15.94 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਪ੍ਰਾਪਰਟੀਆਂ ਹਨ ਜਦਕਿ ਉਨ੍ਹਾਂ ’ਤੇ ਤਕਰੀਬਨ ਪੌਣੇ ਦਸ ਕਰੋੜ ਰੁਪਏ ਦਾ ਕਰਜ਼ਾ ਹੈ। ਇਸੇ ਤਰ੍ਹਾਂ ਉਨ੍ਹਾਂ ਦੀ ਪਤਨੀ ਬਬੀਤਾ ਸ਼ਰਮਾ ਕੋਲ 81.1 ਲੱਖ ਰੁਪਏ ਦੀ ਪ੍ਰਾਪਰਟੀ ਅਤੇ 14 ਲੱਖ ਰੁਪਏ ਕਰਜ਼ਾ ਹੈ। ਸ੍ਰੀ ਸ਼ਰਮਾ ਦੀ ਸਾਲਾਨਾ ਆਮਦਨ 65.3 ਲੱਖ ਰੁਪਏ ਅਤੇ ਉਨ੍ਹਾਂ ਦੀ ਪਤਨੀ ਦੀ ਸਾਲਾਨਾ ਆਮਦਨ 8.58 ਲੱਖ ਰੁਪਏ ਹੈ। ਉਨ੍ਹਾਂ ਕੋਲ ਆਪਣੀ ਪਤਨੀ ਨਾਲੋਂ ਵੱਧ ਸੋਨਾ ਹੈ। ਸ੍ਰੀ ਸ਼ਰਮਾ ਕੋਲ ਕੋਲ ਸਾਢੇ ਪੰਜ ਸੌ ਗ੍ਰਾਮ ਅਤੇ ਉਨ੍ਹਾਂ ਦੀ ਪਤਨੀ ਕੋਲ 150 ਗ੍ਰਾਮ ਸੋਨਾ ਹੈ। ਸ੍ਰੀ ਸ਼ਰਮਾ ਨੇ ਬੀਐੱਸਈ ਦੀ ਪੜ੍ਹਾਈ ਕੀਤੀ ਹੋਈ ਹੈ। ਸ਼ਰਮਾ ਕੋਲ ਵਿਧਾਨ ਸਭਾ ਚੋਣਾਂ 2017 ਵਿੱਚ 12 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਜਿਸ ਵਿੱਚ ਹੁਣ ਤਕਰੀਬਨ ਚਾਰ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਕੋਲ ਸੱਤ ਕਰੋੜ ਰੁਪਏ ਦੀ ਪ੍ਰਾਪਰਟੀ ਹੈ ਅਤੇ 41 ਲੱਖ ਰੁਪਏ ਕਰਜ਼ਾ ਹੈ। ਉਨ੍ਹਾਂ ਦੀ ਸਾਲਾਨਾ ਆਮਦਨ 14.1 ਲੱਖ ਰੁਪਏ ਹੈ। ਉਹ ਬੀਏ ਪਾਸ ਹਨ।
ਇਸੇ ਤਰ੍ਹਾਂ ਭਾਜਪਾ ਦੇ ਉਮੀਦਵਾਰ ਸੰਜੀਵ ਖੰਨਾ ਸਭ ਤੋਂ ਘੱਟ ਸਿਰਫ਼ 12ਵੀਂ ਤੱਕ ਪੜ੍ਹੇ ਲਿਖੇ ਹਨ। ਸ੍ਰੀ ਖੰਨਾ ਕੋਲ 12.81 ਕਰੋੜ ਰੁਪਏ ਦੀ ਪ੍ਰਾਪਰਟੀ ਹੈ ਅਤੇ ਉਨ੍ਹਾਂ ’ਤੇ 8.11 ਕਰੋੜ ਰੁਪਏ ਕਰਜ਼ਾ ਹੈ। ਸ੍ਰੀ ਖੰਨਾ ਦੀ ਸਾਲਾਨਾ ਆਮਦਨ 20.56 ਲੱਖ ਰੁਪਏ ਹੈ।