ਪੱਤਰ ਪ੍ਰੇਰਕ
ਚੰਡੀਗੜ੍ਹ, 12 ਜੁਲਾਈ
ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ 178 ਲਾਅ ਅਫ਼ਸਰਾਂ ਦੀ ਕੀਤੀ ਜਾ ਰਹੀ ਭਰਤੀ ਵਿੱਚ ਰਾਖਵਾਂਕਰਨ ਲਾਗੂ ਨਾ ਕਰਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਵੱਲੋਂ ਸਮੂਹ ਰਾਖਵੀਂਆਂ ਸ਼੍ਰੇਣੀਆਂ ਨੂੰ ਅਯੋਗ ਕਹਿਣ ’ਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ। ਇਸੇ ਰੋਸ ਵਜੋਂ ਯੂਨੀਅਨ ਨੇ 13 ਤੇ 14 ਜੁਲਾਈ ਨੂੰ ਪੰਜਾਬ ਵਿੱਚ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸੂਬੇ ਦੀਆਂ ਸਾਰੀਆਂ ਤਹਿਸੀਲਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਦੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਸਬ ਡਿਵੀਜ਼ਨਲ ਮੈਜਿਸਟਰੇਟਾਂ ਰਾਹੀਂ ਰਾਜਪਾਲ ਨੂੰ ਮੰਗ ਪੱਤਰ ਵੀ ਭੇਜੇ ਜਾਣਗੇ। ਯੂਨੀਅਨ ਦੇ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ, ਵਿਪਨ ਕੁਮਾਰ ਮੋਹਾਲੀ, ਦਵਿੰਦਰ ਸਿੰਘ ਗੁਰੂ, ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਤੇ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਦੁੱਗਾਂ ਨੇ ਦੱਸਿਆ ਕਿ ਇੱਕ ਵੱਡੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਵੱਲੋਂ ਦਲਿਤ ਸਮਾਜ ਪ੍ਰਤੀ ਟਿੱਪਣੀ ਕਰਨਾ ਅਧਿਕਾਰੀ ਦੀ ਸੌੜੀ ਸੋਚ ਨੂੰ ਦਰਸਾਉਂਦੀ ਹੈ। ਯੂਨੀਅਨ ਪ੍ਰਧਾਨ ਸਲਾਣਾ ਨੇ ਦੱਸਿਆ ਕਿ ਜਥੇਬੰਦੀ ਨੇ ਦਲਿਤ ਸਮਾਜ ਦੇ ਆਤਮ ਸਨਮਾਨ ਦੀ ਲੜਾਈ ਆਰੰਭ ਦਿੱਤੀ ਹੈ। ਇਸ ਤਹਿਤ ਐਸ.ਸੀ. ਕਮਿਸ਼ਨ ਪੰਜਾਬ, ਕੌਮੀ ਐਸ.ਸੀ./ਐਸ.ਟੀ. ਕਮਿਸ਼ਨ, ਰਾਜਪਾਲ ਪੰਜਾਬ ਅਤੇ ਰਾਸ਼ਟਰਪਤੀ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ, ਜਿਨ੍ਹਾਂ ਰਾਹੀਂ ਉਨ੍ਹਾਂ ਅਧਿਕਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ।