ਮਨੋਜ ਸ਼ਰਮਾ
ਬਠਿੰਡਾ, 24 ਅਗਸਤ
ਬਾਰ ਐਸੋਸੀਏਸ਼ਨ ਬਠਿੰਡਾ ਵੱਲੋਂ ਅੱਜ ਸਥਾਨਕ ਕੋਰਟ ਕੰਪਲੈਕਸ ਵਿੱਚ ਸੁਪਰੀਮ ਕੋਰਟ ਦੇ ਉੱਘੇ ਵਕੀਲ ਤੇ ਸਮਾਜ ਸੇਵੀ ਪ੍ਰਸ਼ਾਂਤ ਭੂਸ਼ਣ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ। ਭੂਸ਼ਣ ਨੂੰ ਅਦਾਲਤੀ ਹੱਤਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੇਸ਼ ਅੰਦਰ ਇਹ ਮਾਮਲਾ ਸੁਰਖੀਆਂ ਵਿੱਚ ਹੈ। ਬਾਰ ਐਸੋਸੀਏਸ਼ਨ ਦੇ ਪ੍ਰਧਾਨ ਕੰਵਲਜੀਤ ਸਿੰਘ ਕੁੱਟੀ ਨੇ ਕਿਹਾ ਪ੍ਰਸ਼ਾਂਤ ਭੂਸ਼ਨ ਨੇ ਸੱਚ ਦੀ ਆਵਾਜ਼ ’ਤੇ ਪਹਿਰਾ ਦਿੱਤਾ ਹੈ, ਜਿਸ ਲਈ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਵਕੀਲ ਤਜਿੰਦਰ ਰਾਏ ਖੱਟੜ ਤੇ ਐੱਨ.ਕੇ. ਜੀਤ ਨੇ ਕਿਹਾ ਕਿ ਉਹ ਧਾਰਾ 370 ਅਤੇ ਪਰਵਾਸੀ ਕਿਰਤੀਆਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਨੂੰ ਸ਼ੀਸ਼ਾ ਦਿਖਾਉਣ ਵਾਲੇ ਵਕੀਲ ਦੀ ਹਮਾਇਤ ਕਰਦੇ ਹਨ। ਉਧਰ ਸੋਸ਼ਲ ਮੀਡੀਆ ’ਤੇ ਭੂਸ਼ਣ ਦੇ ਹੱਕ ਵਿੱਚ ‘ਹਮ ਦੇਖੇਂਗੇ’ ਮੁਹਿੰਮ ਨੇ ਵੀ ਜ਼ੋਰ ਫੜ ਲਿਆ ਹੈ। ਇਸ ਮੌਕੇ ਇਕੱਠ ਨੂੰ ਨਵਦੀਪ ਸਿੰਘ ਜੀਦਾ, ਜਗਮੀਤ ਸਿੰਘ, ਸੀਮਾ ਸ਼ਰਮਾ ਆਦਿ ਨੇ ਸੰਬੋਧਨ ਕੀਤਾ।
ਭੂਸ਼ਣ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਬੁਧੀਜੀਵੀ ਵਰਗ ਵਲੋਂ ਪ੍ਰਦਰਸ਼ਨ
ਅੰਮ੍ਰਿਤਸਰ(ਟ੍ਰਿਬਿਊਨ ਨਿਊਜ਼ ਸਰਵਿਸ): ਸਿਟੀਜ਼ਨ ਫੋਰਮ ਅੰਮ੍ਰਿਤਸਰ ਦੇ ਝੰਡੇ ਹੇਠ ਅੱਜ ਬੁੱਧੀਜੀਵੀ ਵਰਗ ਵਲੋਂ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਨੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦਾ ਯਤਨ ਵੀ ਕੀਤਾ, ਪਰ ਉਹ ਆਪਣੀ ਮੰਗ ਰੱਖਣ ਲਈ ਬਜ਼ਿੱਦ ਰਹੇ।
ਪ੍ਰਦਰਸ਼ਨਕਾਰੀਆਂ ਨੇ ਮਾਸਕ ਪਾਏ ਹੋਏ ਸਨ ਅਤੇ ਆਪਸੀ ਦੂਰੀ ਦੇ ਨਿਯਮ ਦੀ ਵੀ ਪਾਲਣਾ ਕੀਤੀ। ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਜਦੋਂ ਤੋਂ ਭਾਜਪਾ ਸੱਤਾ ਵਿਚ ਆਈ ਹੈ, ਉਸ ਵੇਲੇ ਤੋਂ ਹੀ ਫਾਸ਼ੀਵਾਦੀ ਏਜੰਡਾ ਲਾਗੂ ਕਰਨ ਲਈ ਯਤਨ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸੁਪਰੀਮ ਕੋਰਟ ਵੀ ਕੇਂਦਰ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਦੇਸ਼ ਨੂੰ ਹਿੰਦੂ ਰਾਜ ਘੋਸ਼ਿਤ ਕਰਨਾ ਚਾਹੁੰਦੀ ਹੈ ਅਤੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਰਾਸ਼ਟਰ ਵਿਰੋਧੀ ਅਤੇ ਦੇਸ਼ ਧ੍ਰੋਹੀ ਐਲਾਨਿਆ ਜਾ ਰਿਹਾ ਹੈ। ਇਸ ਮੌਕੇ ਪ੍ਰੋ. ਪਰਮਿੰਦਰ ਸਿੰਘ, ਐੱਸਐੱਸ ਸੋਹਲ, ਯਸ਼ਪਾਲ ਝਬਾਲ, ਐੱਸਐੱਸ ਢਿੱਲੋਂ, ਏ.ਐੱਸ.ਸਿੱਧੂ, ਰਤਨ ਸਿੰਘ ਰੰਧਾਵਾ, ਬਲਵਿੰਦਰ ਦੁਧਾਲਾ, ਬੀਬੀ ਰਜਿੰਦਰ ਕੌਰ, ਕੰਵਲਜੀਤ ਕੌਰ ਆਦਿ ਹਾਜ਼ਰ ਸਨ।