ਬੇਅੰਤ ਸਿੰਘ
ਪੱਟੀ, 11 ਮਈ
ਪੁਲੀਸ ਇੰਟੈਲੀਜੈਂਸ ਵਿੰਗ ਦੇ ਮੁਹਾਲੀ ਸਥਿਤ ਮੁੱਖ ਦਫ਼ਤਰ ’ਤੇ ਰਾਕੇਟ ਲਾਂਚਰ ਨਾਲ ਕੀਤੇ ਗਏ ਹਮਲੇ ਦੇ ਸਬੰਧ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਨੇੜਲੇ ਪਿੰਡ ਕੁੱਲਾ ਦੇ ਫੜੇ ਗਏ ਨੌਜਵਾਨ ਨਿਸ਼ਾਨ ਸਿੰਘ ਦੇ ਮਾਪਿਆਂ ਨੇ ਕਿਹਾ ਹੈ ਕਿ ਉਹ ਬੇਕਸੂਰ ਹੈ। ਉਹ ਵਿਆਹ ਮਗਰੋਂ ਅੰਮ੍ਰਿਤਸਰ ’ਚ ਰਹਿ ਰਿਹਾ ਸੀ। ਉਸ ਖ਼ਿਲਾਫ਼ ਪਹਿਲਾਂ ਹੀ ਐੱਨਡੀਪੀਐੱਸ ਐਕਟ ਸਮੇਤ ਹੋਰ ਕਈ ਕੇਸ ਦਰਜ ਹਨ। ਨਿਸ਼ਾਨ ਸਿੰਘ ਦੇ ਪਿਤਾ ਪਰਗਟ ਸਿੰਘ ਅਤੇ ਮਾਤਾ ਮਨਜੀਤ ਕੌਰ ਨੇ ਆਪਣੇ ਪੁੱਤਰ ਨੂੰ ਬੇਕਸੂਰ ਦੱਸਿਆ ਹੈ।
ਨਿਸ਼ਾਨ ਸਿੰਘ ਦੇ ਮਾਪਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਸ਼ਾਨ ਸਿੰਘ ਚਾਰ ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਹੀ ਪਰਤਿਆ ਹੈ। ਉਨ੍ਹਾਂ ਦੱਸਿਆ ਕਿ ਨਿਸ਼ਾਨ ਸਿੰਘ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਵਿੱਚੋਂ ਹਿਰਾਸਤ ਵਿੱਚ ਲਿਆ ਗਿਆ ਹੈ। ਉਸ ਨੇ ਅੰਮ੍ਰਿਤਸਰ ਦੀ ਇੱਕ ਲੜਕੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਉਸ ਦੀ ਇੱਕ ਧੀ ਵੀ ਹੈ। ਵਿਆਹ ਮਗਰੋਂ ਉਹ ਅੰਮ੍ਰਿਤਸਰ ਵਿੱਚ ਹੀ ਰਹਿ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਥਾਨਕ ਪੁਲੀਸ ਵੱਲੋਂ ਵੀ ਪਿੰਡ ਕੁੱਲਾ ਵਿੱਚ ਉਨ੍ਹਾਂ ਦੇ ਘਰ ਦੀ ਜਾਂਚ ਕੀਤੀ ਗਈ। ਉਨ੍ਹਾਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਨਿਸ਼ਾਨ ਸਿੰਘ ਨੂੰ ਜਲਦੀ ਰਿਹਾਅ ਕੀਤਾ ਜਾਵੇ। ਪਿੰਡ ਕੁੱਲਾ ਦੇ ਮਜ਼ਦੂਰ ਪਰਿਵਾਰ ਨਾਲ ਸਬੰਧਤ ਨਿਸ਼ਾਨ ਸਿੰਘ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਈ ਕੇਸ ਦਰਜ ਹਨ।