ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 9 ਅਗਸਤ
ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਵਿੱਢੀ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਉਘੇ ਸੂਫੀ ਗਾਇਕ ਕੰਵਰ ਗਰੇਵਾਲ ਨੇ ਪਿੰਡ ਦੋਦਾ ਤੇ ਧੂਲਕੋਟ ਵਿਚ ਵਾਤਾਵਰਨ ਦੀ ਸੰਭਾਲ ਦਾ ਸੁਨੇਹਾ ਦਿੰਦਿਆਂ ਬੂਟੇ ਲਾਏ। ਸੰਸਥਾ ਵਲੋਂ ਅੱਜ ਧੂਲਕੋਟ ਵਿੱਚ 2800 ਤੇ ਦੋਦਾ ਵਿੱਚ 750 ਬੂਟੇ ਲਾਏ ਗਏ। ਇਸ ਮੌਕੇ ‘ਬਲਿਹਾਰੀ ਕੁਦਰਤਿ ਵਸਿਆ’ ਤਹਿਤ 15 ਏਕੜ ਪੰਚਾਇਤੀ ਜ਼ਮੀਨ ਵਿਚ ਬੂਟੇ ਲਾਏ ਗਏ। ਕੰਵਰ ਗਰੇਵਾਲ ਨੇ ਸੰਸਥਾ ਦੇ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਇਨਸਾਨੀਅਤ ਨੂੰ ਬਚਾਉਣ ਲਈ ਸਭ ਤੋਂ ਵੱਡੀ ਲੋੜ ਰੁੱਖ ਲਾਉਣ, ਪਾਲਣ ਤੇ ਬਚਾਉਣ ਦੀ ਹੈ ਜਿਸ ਨੂੰ ਨਿਰੋਲ ਸੇਵਾ ਸੰਸਥਾ ਭਲੀਭਾਂਤ ਨਿਭਾਅ ਰਹੀ ਹੈ। ਨਿਰੋਲ ਸੇਵਾ ਸੰਸਥਾ ਦੇ ਮੁਖੀ ਡਾ. ਜਗਦੀਪ ਸਿੰਘ ਸੋਢੀ ਨੇ ਕਿਹਾ ਕਿ ਉਹ ਹੁਣ ਤੱਕ ਕਰੀਬ 15 ਹਜ਼ਾਰ ਬੂਟੇ ਲਾ ਚੁੱਕੇ ਹਨ ਤੇ ਇਹ ਮੁਹਿੰਮ ਮਹੀਨਾ ਭਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ ਤੰਦਰੁਸਤ ਤੇ ਵੱਡੇ ਪੌਦੇ ਮਾਲੇਰਕੋਟਲਾ ਦੀ ਨਰਸਰੀ ਤੋਂ ਲਿਆਂਦੇ ਜਿਨ੍ਹਾਂ ਦਾ ਕੱਦ ਕਰੀਬ 8 ਫੁੱਟ ਤੱਕ ਸੀ। ਇਹ ਪੌਦੇ ਇਕ ਸਾਲ ਵਿੱਚ ਹੀ ਆਪਣਾ ਆਪ ਸੰਭਾਲਣ ਦੇ ਸਮਰੱਥ ਹੋ ਜਾਂਦੇ ਹਨ। ਇਨ੍ਹਾਂ ਪੌਦਿਆਂ ਵਿੱਚ ਫਲ, ਫੁੱਲ ਤੇ ਔਸ਼ਧੀਆਂ ਵਾਲੇ ਬੂਟੇ ਵੀ ਸ਼ਾਮਲ ਹਨ। ਰੁੱਖ ਲਾਉਣ ਤੇ ਪਾਲਣ ਦੀ ਜ਼ਿੰਮੇਵਾਰੀ ਵੀ ਸੰਸਥਾ ਦੀ ਹੈ। ਉਨ੍ਹਾਂ ਦੱਸਿਆ ਕਿ ਉਹ ਪੰਚਇਤੀ ਰਕਬਿਆਂ ਅਤੇ ਸੜਕਾਂ ਤੇ ਪਹੀਆਂ ਉਪਰ ਰੁੱਖ ਲਾਉਂਦੇ ਹਨ। ਇਸ ਵਿੱਚ ਪੰਚਾਇਤਾਂ ਤੇ ਪਿੰਡ ਵਾਸੀਆਂ ਦਾ ਭਰਵਾਂ ਸਹਿਯੋਗ ਮਿਲਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਈ ਵੀ ਪਿੰਡ ਬੂਟੇ ਲਾਉਣ ਵਾਸਤੇ ਜਗ੍ਹਾ ਦੇਵੇ ਤਾਂ ਉਹ ਆਪਣੇ ਖਰਚੇ ’ਤੇ ਟੋਆ ਪੁੱਟਣ ਤੋਂ ਲੈ ਕੇ ਬੂਟੇ ਲਾਉਣ ਤੇ ਸੰਭਾਲਣ ਲਈ ਤਿਆਰ ਹਨ। ਉਨ੍ਹਾਂ ਦੱਸਿਆ ਕਿ ਜਲਦੀ ਹੀ ਭਲਾਈਆਣਾ ਤੇ ਹੋਰ ਪਿੰਡਾਂ ਵਿੱਚ ਬੂਟੇ ਲਾਏ ਜਾਣਗੇ।