ਸੰਜੀਵ ਹਾਂਡਾ
ਫ਼ਿਰੋਜ਼ਪੁਰ, 4 ਜੂਨ
ਇਥੇ ਸੀਆਈਏ ਸਟਾਫ਼ ਵਿਚ ਤਾਇਨਾਤ ਸਬ ਇੰਸਪੈਕਟਰ ਪਿੱਪਲ ਸਿੰਘ ਅਤੇ ਏਐੱਸਆਈ ਰਜਿੰਦਰ ਪਾਲ ਖ਼ਿਲਾਫ਼ ਦੋ ਲੱਖ ਸੱਠ ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਪੜਤਾਲ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਵੱਲੋਂ ਕੀਤੀ ਗਈ ਸੀ। ਥਾਣਾ ਲੱਖੋ ਕੇ ਬਹਿਰਾਮ ਅਧੀਨ ਪਿੰਡ ਲਾਲਚੀਆਂ ਦੇ ਨਿਰਮਲ ਸਿੰਘ ਨੇ ਪੁਲੀਸ ਨੂੰ ਦਿੱਤੇ ਹਲਫ਼ੀਆ ਬਿਆਨ ਵਿਚ ਦੱਸਿਆ ਸੀ ਕਿ ਉਸ ਦੇ ਸਾਂਢੂ ਬਲਜਿੰਦਰ ਸਿੰਘ ਉਰਫ਼ ਬਿੱਟੂ ਵਾਸੀ ਪਿੰਡ ਖੰਬੇ ਕੋਲੋਂ 23 ਮਈ ਨੂੰ ਨਸ਼ੀਲੀਆਂ ਗੋਲੀਆਂ ਫੜੀਆਂ ਗਈਆਂ ਸਨ। ਬਲਜਿੰਦਰ ਸਿੰਘ ਨਸ਼ੀਲੀਆਂ ਗੋਲੀਆਂ ਦੀ ਖੇਪ ਪੁਲੀਸ ਤੋਂ ਡਰਦੇ ਹੋਏ ਉਸ ਦੀ ਜ਼ਮੀਨ ਵਿਚ ਛੁਪਾ ਕੇ ਰੱਖ ਗਿਆ ਸੀ, ਜਿਸ ਬਾਰੇ ਨਿਰਮਲ ਸਿੰਘ ਨੂੰ ਕੋਈ ਜਾਣਕਾਰੀ ਨਹੀਂ ਸੀ। ਅਗਲੇ ਦਿਨ ਸਬ ਇੰਸਪੈਕਟਰ ਪਿੱਪਲ ਸਿੰਘ ਤੇ ਏਐੱਸਆਈ ਰਜਿੰਦਰ ਪਾਲ ਨੇ ਨਿਰਮਲ ਸਿੰਘ ਦੇ ਖੇਤ ਦੀ ਤਲਾਸ਼ੀ ਲਈ ਤੇ ਉਥੋਂ ਤਿੰਨ ਬੋਰੇ ਨਸ਼ੀਲੀਆਂ ਗੋਲੀਆਂ ਦੇ ਬਰਾਮਦ ਕਰ ਲਏ। ਦੋਵੇਂ ਥਾਣੇਦਾਰ ਨਿਰਮਲ ਸਿੰਘ ਨੂੰ ਪਰਚਾ ਦਰਜ ਕਰਨ ਦਾ ਡਰਾਵਾ ਦੇ ਕੇ ਉਸ ਪਾਸੋਂ ਰਿਸ਼ਵਤ ਦੀ ਮੰਗ ਕਰਨ ਲੱਗੇ। ਨਿਰਮਲ ਸਿੰਘ ਨੇ ਆਪਣੇ ਪਿੰਡ ਦੇ ਸਾਬਕਾ ਸਰਪੰਚ ਬਗੀਚਾ ਸਿੰਘ ਦੀ ਮੌਜੂਦਗੀ ਵਿਚ ਦੋਵਾਂ ਨੂੰ ਦੋ ਲੱਖ ਰੁਪਏ ਦੇ ਦਿੱਤੇ ਜਦਕਿ ਇਸ ਤੋਂ ਪਹਿਲਾਂ ਵੀ ਇਹ ਦੋਵੇਂ ਥਾਣੇਦਾਰ ਉਸ ਕੋਲੋਂ ਸੱਠ ਹਜ਼ਾਰ ਰੁਪਏ ਲੈ ਚੁੱਕੇ ਸਨ। ਨਿਰਮਲ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲੀਸ ਦੇ ਉਚ ਅਧਿਕਾਰੀਆਂ ਨੂੰ ਕਰ ਦਿੱਤੀ ਜਿਸਦੀ ਪੜਤਾਲ ਨਾਰਕੋਟਿਕ ਸੈੱਲ ਦੇ ਇੰਚਾਰਜ ਪਰਮਿੰਦਰ ਸਿੰਘ ਨੇ ਕੀਤੀ। ਪੜਤਾਲ ਵਿਚ ਦੋਵਾਂ ਥਾਣੇਦਾਰਾਂ ਤੇ ਲੱਗੇ ਦੋਸ਼ ਸਹੀ ਪਾਏ ਗਏ। ਡੀਐਸਪੀ ਮਨਮੋਹਨ ਸਿੰਘ ਨੇ ਵੀ ਇਸ ਪੜਤਾਲ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ ਜਿਸ ਮਗਰੋਂ ਮੁਕੱਦਮਾ ਦਰਜ ਕਰ ਲਿਆ ਗਿਆ॥